ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਦਾਅਵੇ ’ਤੇ ਵਿਆਜ ਸਮੇਤ ਕਰਨਾ ਪਵੇਗਾ 1.65 ਕਰੋੜ ਦਾ ਭੁਗਤਾਨ

ਜਲੰਧਰ – ਤਾਮਿਲਨਾਡੂ ਦੇ ਕੁੱਡਾਲੋਰ ਜ਼ਿਲ੍ਹਾ ਖਪਤਕਾਰ ਹੱਲ ਕਮਿਸ਼ਨ ਨੇ ਯੂਨਾਈਟੇਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਸਮੁੰਦਰੀ ਬੀਮਾ ਪਾਲਿਸੀ ਦੇ ਦਾਅਵੇ ਨੂੰ ਗ਼ਲਤ ਤਰੀਕੇ ਨਾਲ ਅਸਵੀਕਾਰ ਕਰਨ ਲਈ ਇਕ ਗਾਹਕ ਨੂੰ ਵਿਆਜ ਸਮੇਤ 1.65 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਖਪਤਕਾਰ ਦਾ ਮਾਲਵਾਹਕ ਜਹਾਜ਼ ਖ਼ਰਾਬ ਮੌਸਮ ਕਾਰਨ ਸਮੁੰਦਰ ’ਚ ਫਸ ਗਿਆ ਅਤੇ ਮਾਲ ਸਮੇਤ ਡੁੱਬ ਗਿਆ ਪਰ ਇੰਸ਼ੋਰੈਂਸ ਕੰਪਨੀ ਨੇ ਉਨ੍ਹਾਂ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ। ਕੰਪਨੀ ਨੇ ਉਨ੍ਹਾਂ ਨੂੰ ਕਲੇਮ ਦੀ ਰਾਸ਼ੀ ਦੇਣ ਤੋਂ ਨਾਂਹ ਕਰ ਦਿੱਤੀ।

ਕੁੱਡਾਲੋਰ ਦੀ ਰਹਿਣ ਵਾਲੀ ਰਾਜਮਣੀ ਨੇ ਕਿਹਾ ਕਿ 14 ਨਵੰਬਰ 2021 ਨੂੰ ਉਨ੍ਹਾਂ ਦਾ ਮਾਲਵਾਹਕ ਜਹਾਜ਼ ਐੱਮ. ਐੱਸ. ਵੀ. ਐੱਸ. ਆਰ. ਪੀ. ਰਾਜਮਣੀ ਦੇ ਕੇਰਲ ਦੇ ਮਲਪਪੁਰਮ ਜ਼ਿਲ੍ਹੇ ਦੇ ਕੂਟਤਾਈ ਸਮੁੰਦਰ ਤੱਟ ’ਤੇ ਫਸ ਗਿਆ ਸੀ। ਨਿਰਮਾਣ ਸਮੱਗਰੀ ਲਿਜਾਣ ਵਾਲਾ ਮਾਲਵਾਹਕ ਜਹਾਜ਼ 13ਨਵੰਬਰ 2021 ਦੀ ਸਵੇਰ ਨੂੰ ਕੋਝੀਕੋਡ ਬੰਦਰਗਾਹ ਤੋਂ ਲਕਸ਼ਦੀਪ ਦੇ ਮਿਨੀਕਾਏ ਵੱਲ ਰਵਾਨੀ ਹੋਇਆ ਸੀ। ਹਾਲਾਂਕਿ ਕੋਝੀਕੋਡ ਬੰਦਰਗਾਹ ਤੋਂ ਲਗਭਗ 130 ਮੀਲ ਦੂਰ ਖਰਾਬ ਮੌਸਮ ਨੂੰ ਦੇਖਦੇ ਹੋਏ ਜਹਾਜ਼ ਦੇ ਚਾਲਕ ਦਲ ਨੇ ਪਰਤਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੀ ਵਾਪਸੀ ਦੌਰਾਨ ਇੰਜਣ ਰੂਮ ’ਚ ਭਾਰੀ ਮਾਤਰਾ ’ਚ ਸਮੁੰਦਰੀ ਪਾਣੀ ਦਾਖਲ ਹੋ ਗਿਆ। ਡਬਲ ਪੰਪਾਂ ਦੀ ਵਰਤੋਂ ਕਰ ਕੇ ਸਮੁੰਦਰ ਦੇ ਪਾਣੀ ਨੂੰ ਕੱਢਣ ਦਾ ਯਤਨ ਕੀਤਾ ਗਿਆ ਪਰ ਕੋਈ ਸਫਲਤਾ ਨਾ ਮਿਲੀ ਅਤੇ ਇੰਜਣ ਬੰਦ ਹੋ ਗਿਆ। ਇਸ ਤੋਂ ਬਾਅਦ ਜਹਾਜ਼ ਕੂਟਤਾਈ ਸਮੁੰਦਰ ਤੱਟ ’ਤੇ ਫਸ ਗਿਆ।

ਤਿਰੂਰ ਪੁਲਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਜਹਾਜ਼ ’ਤੇ ਸਵਾਰ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ। ਹਾਲਾਂਕਿ ਮਾਲਵਾਹਕ ਜਹਾਜ਼ ਅਗਲੇ ਦਿਨ ਆਪਣੇ ਮਾਲ ਨਾਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਸਮੁੰਦਰ ’ਚ ਡੁੱਬਿਆ ਹੋਇਆ ਪਾਇਆ ਗਿਆ। ਸ਼ਿਕਾਇਤਕਰਤਾ ਨੇ ਬੀਮਾ ਕੰਪਨੀ ਨੂੰ ਸੂਚਿਤ ਕੀਤਾ, ਜਿਸ ਨੇ ਉਸ ਦਾ ਮੁਲਾਂਕਣ ਕਰਨ ਲਈ ਇਕ ਸਰਵੇਖਣਕਰਤਾ ਨਿਯੁਕਤ ਕੀਤਾ। ਲਗਭਗ 12 ਮਹੀਨਿਆਂ ਦੀ ਮਿਆਦ ਤੋਂ ਬਾਅਦ ਬੀਮਾ ਕੰਪਨੀ ਨੇ ਇਸ ਆਧਾਰ ’ਤੇ ਦਾਅਵਾ ਖਾਰਜ ਕਰ ਦਿੱਤਾ ਕਿ ਸ਼ਿਕਾਇਤਕਰਤਾ ਨੇ ਉਪਕਰਨ ਨੂੰ ਬਚਾਉਣ ਲਈ ਕੋਈ ਯਤਨ ਨਹੀਂ ਕੀਤਾ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਖਪਤਕਾਰ ਕਮਿਸ਼ਨ ਵੱਲ ਰੁਖ ਕੀਤਾ।

ਕਮਿਸ਼ਨ ਨੇ ਆਪਣੇ ਮੁਖੀ ਅਤੇ ਜਸਟਿਸ ਡੀ. ਗੋਪੀਨਾਥ ਦੀ ਪ੍ਰਧਾਨਗੀ ’ਚ ਬੀਮਾ ਕੰਪਨੀ ਨੂੰ ਸ਼ਿਕਾਇਤਕਰਤਾ ਨੂੰ ਦਾਅਵੇ ਨੂੰ ਰੱਦ ਕਰਨ ਦੀ ਮਿਤੀ ਤੋਂ ਭੁਗਤਾਨ ਕੀਤੀ ਜਾਣ ਵਾਲੀ ਰਕਮ ’ਤੇ 9 ਫ਼ੀਸਦੀ ਵਿਆਜ ਸਮੇਤ 1.65 ਕਰੋੜ ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਕਮਿਸ਼ਨ ਨੇ ਕੰਪਨੀ ਨੂੰ ਸੇਵਾ ਵਿਚ ਕਮੀ ਅਤੇ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਵਜੋਂ 1 ਲੱਖ ਰੁਪਏ ਦਾ ਮੁਆਵਜ਼ਾ ਅਤੇ ਮੁਕੱਦਮੇ ਦੇ ਖ਼ਰਚੇ ਦੇ 10,000 ਰੁਪਏ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ।

Add a Comment

Your email address will not be published. Required fields are marked *