ਬੇਖ਼ੌਫ਼ ਹੋ ਕੇ ਆਪਣੀਆਂ ਸਾਰੀਆਂ ਸ਼ਾਟਾਂ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ : ਜਾਇਸਵਾਲ

ਤਿਰੂਵਨੰਤਪੁਰਮ – ਭਾਰਤ ਦਾ ਪ੍ਰਤਿਭਾਸ਼ਾਲੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਤੇਜ਼ੀ ਨਾਲ ਸਿੱਖ ਰਿਹਾ ਹੈ ਤੇ ਬੇਖ਼ੌਫ਼ ਹੋ ਕੇ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਦੂਜੇ ਟੀ-20 ਕੌਮਾਂਤਰੀ ਮੈਚ ਵਿਚ ਆਸਟਰੇਲੀਆ ਵਿਰੁੱਧ ਉਸਦੀ 25 ਗੇਂਦਾਂ ਵਿਚ 53 ਦੌੜਾਂ ਦੀ ਪਾਰੀ ਤੋਂ ਸਪੱਸ਼ਟ ਹੈ। ਖੱਬੇ ਹੱਥ ਦੇ ਇਸ 21 ਸਾਲਾ ਬੱਲੇਬਾਜ਼ ਨੇ ਐਤਵਾਰ ਨੂੰ ਆਪਣੀ ਪਾਰੀ ਦੌਰਾਨ 9 ਚੌਕੇ ਤੇ 2 ਛੱਕੇ ਲਾਏ ਤੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। 6ਵੇਂ ਓਵਰ ਵਿਚ ਆਊਟ ਹੋਣ ਤੋਂ ਪਹਿਲਾਂ ਉਸ ਨੇ ਰਿਤੂਰਾਜ ਗਾਇਕਵਾੜ (58) ਨਾਲ ਪਹਿਲੀ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ 4 ਵਿਕਟਾਂ ’ਤੇ 235 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਤੇ ਫਿਰ ਆਸਟਰੇਲੀਆ ਨੂੰ 9 ਵਿਕਟਾਂ ’ਤੇ 191 ਦੌੜਾਂ ’ਤੇ ਰੋਕ ਕੇ 44 ਦੌੜਾਂ ਨਾਲ ਜਿੱਤ ਦਰਜ ਕੀਤੀ।

ਜਾਇਸਵਾਲ ਨੇ ਕਿਹਾ, ‘‘ਇਹ ਮੇਰੇ ਲਈ ਅਸਲੀਅਤ ਵਿਚ ਵਿਸ਼ੇਸ਼ ਸੀ। ਮੈਂ ਆਪਣੀਆਂ ਸਾਰੀਆਂ ਸ਼ਾਟਾਂ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਨਿਡਰ ਹੋ ਕੇ ਗੇਂਦਬਾਜ਼ਾਂ ਦਾ ਸਾਹਮਣਾ ਕਰ ਰਿਹਾ ਸੀ। ਮੈਂ ਆਪਣੇ ਫੈਸਲਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਸੀ।’’ ਉਸ ਨੇ ਕਿਹਾ,‘‘ਮੈਨੂੰ (ਕਪਤਾਨ) ਸੂਰਯ (ਸੂਰਯਕੁਮਾਰ ਯਾਦਵ) ਤੇ (ਕੋਚ) ਵੀ. ਵੀ. ਐੱਸ. (ਲਕਸ਼ਮਣ) ਭਰਾ ਨੇ ਖੁੱਲ੍ਹ ਕੇ ਖੇਡਣ ਨੂੰ ਕਿਹਾ ਹੈ। ਮੈਂ ਹਮੇਸ਼ਾ ਸੋਚਦਾ ਹਾਂ ਕਿ ਤਜਰਬੇਕਾਰ ਖਿਡਾਰੀਆਂ ਦੀ ਮੌਜੂਦਗੀ ਵਿਚ ਖੁਦ ਨੂੰ ਕਿਵੇਂ ਬਿਹਤਰ ਬਣਾ ਸਕਦਾ ਹਾਂ। ਹੁਣ ਵੀ ਸਿੱਖ ਰਿਹਾ ਹਾਂ।’’

Add a Comment

Your email address will not be published. Required fields are marked *