ਭਾਰਤੀ ਨੌਜਵਾਨਾਂ ਨੇ ਦੂਜੇ ਟੀ-20 ‘ਚ ਵੀ ਆਸਟ੍ਰੇਲੀਆਈ ਟੀਮ ਨੂੰ ਹਰਾਇਆ

ਭਾਰਤੀ ਨੌਜਵਾਨਾਂ ਨੇ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਦੂਜੇ ਟੀ-20 ਮੈਚ ‘ਚ ਵੀ ਆਸਟ੍ਰੇਲੀਆ ਨੂੰ ਹਰਾ ਦਿੱਤਾ। ਟੀਮ ਇੰਡੀਆ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਖੇਡੇ ਗਏ ਪਹਿਲੇ ਟੀ-20 ਮੈਚ ਨੂੰ ਜਿੱਤ ਕੇ 5 ਮੈਚਾਂ ਦੀ ਟੀ-20 ਸੀਰੀਜ਼ ‘ਚ ਅੱਗੇ ਸੀ। ਇਸ ਟੀਮ ਨੇ ਇਸੇ ਰਫ਼ਤਾਰ ਨੂੰ ਜਾਰੀ ਰੱਖਿਆ ਅਤੇ ਤਿਰੂਵਨੰਤਪੁਰਮ ਵਿੱਚ 44 ਦੌੜਾਂ ਨਾਲ ਜਿੱਤ ਦਰਜ ਕਰਕੇ ਆਪਣੀ ਬੜ੍ਹਤ ਨੂੰ 2-0 ਨਾਲ ਵਧਾ ਦਿੱਤਾ। ਦੂਜੇ ਟੀ-20 ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਯਸ਼ਸਵੀ ਜੈਸਵਾਲ, ਈਸ਼ਾਨ ਕਿਸ਼ਨ ਅਤੇ ਰੁਤੂਰਾਜ ਗਾਇਕਵਾੜ ਨੇ ਅਰਧ ਸੈਂਕੜੇ ਲਗਾ ਕੇ ਆਸਟਰੇਲੀਆ ਦੇ ਫੈਸਲੇ ਨੂੰ ਗਲਤ ਸਾਬਤ ਕੀਤਾ ਅਤੇ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਸਕੋਰ 235 ਤੱਕ ਪਹੁੰਚਾਇਆ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 191/9 ਦੌੜਾਂ ਹੀ ਬਣਾ ਸਕੀ।

ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਯਸ਼ਸਵੀ ਜੈਸਵਾਲ ਅਤੇ ਰਿਤੂਰਾਜ ਗਾਇਕਵਾੜ ਦੇ ਨਾਲ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਜੈਸਵਾਲ ਲੈਅ ਵਿੱਚ ਨਜ਼ਰ ਆਏ। 6ਵੇਂ ਓਵਰ ‘ਚ ਨਾਥਨ ਐਲਿਸ ਦੀ ਗੇਂਦ ‘ਤੇ ਆਊਟ ਹੋਣ ਤੱਕ ਉਹ 25 ਗੇਂਦਾਂ ‘ਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾ ਚੁੱਕਾ ਸੀ। ਇਸ ਤੋਂ ਬਾਅਦ ਗਾਇਕਵਾੜ ਅਤੇ ਈਸ਼ਾਨ ਕਿਸ਼ਨ ਨੇ ਪਾਰੀ ਨੂੰ ਸੰਭਾਲਿਆ ਅਤੇ ਸਿਰਫ਼ 15 ਓਵਰਾਂ ‘ਚ 150 ਦਾ ਸਕੋਰ ਪਾਰ ਕਰ ਲਿਆ। ਈਸ਼ਾਨ ਕਿਸ਼ਨ ਨੇ 29 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਰਿਤੂਰਾਜ ਨੇ ਵੀ ਉਨ੍ਹਾਂ ਦਾ ਖੂਬ ਸਾਥ ਦਿੱਤਾ।

ਜਿੱਥੇ ਈਸ਼ਾਨ ਕਿਸ਼ਨ ਨੇ 32 ਗੇਂਦਾਂ ‘ਚ 3 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ, ਉਥੇ ਹੀ ਕਪਤਾਨ ਸੂਰਿਆਕੁਮਾਰ ਯਾਦਵ ਨੇ 10 ਗੇਂਦਾਂ ‘ਚ 2 ਛੱਕਿਆਂ ਦੀ ਮਦਦ ਨਾਲ 19 ਦੌੜਾਂ ਬਣਾ ਕੇ ਸਕੋਰ ਨੂੰ ਤੇਜ਼ ਕੀਤਾ। ਗਾਇਕਵਾੜ 43 ਗੇਂਦਾਂ ‘ਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਉਣ ‘ਚ ਸਫਲ ਰਿਹਾ। ਰਿੰਕੂ ਸਿੰਘ ਭਾਰਤੀ ਪਾਰੀ ਦਾ ਆਕਰਸ਼ਕ ਰਿਹਾ। ਉਸ ਨੇ ਇਕ ਵਾਰ ਫਿਰ ਆਪਣੇ ਬੱਲੇ ਦਾ ਜਾਦੂ ਦਿਖਾਇਆ ਅਤੇ 9 ਗੇਂਦਾਂ ‘ਤੇ 31 ਦੌੜਾਂ ਬਣਾ ਕੇ ਸਕੋਰ ਨੂੰ 235 ਤੱਕ ਪਹੁੰਚਾਇਆ। ਤਿਲਕ ਨੇ ਵੀ 2 ਗੇਂਦਾਂ ‘ਤੇ 7 ਦੌੜਾਂ ਬਣਾ ਕੇ ਉਸ ਦਾ ਸਾਥ ਦਿੱਤਾ। ਨਾਥਨ ਐਲਿਸ ਸਭ ਤੋਂ ਵੱਧ 3 ਵਿਕਟਾਂ ਲੈਣ ਵਿੱਚ ਸਫਲ ਰਿਹਾ।

ਜਵਾਬ ‘ਚ ਆਸਟਰੇਲੀਆਈ ਟੀਮ ਨੇ ਸਟੀਵ ਸਮਿਥ ਅਤੇ ਮੈਥਿਊ ਸ਼ਾਰਟ ਦੀ ਬਦੌਲਤ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲੇ 2 ਓਵਰਾਂ ਵਿੱਚ ਸਕੋਰ ਨੂੰ 35 ਤੱਕ ਪਹੁੰਚਾਇਆ ਪਰ ਤੀਜੇ ਓਵਰ ਵਿੱਚ ਰਵੀ ਬਿਸ਼ਨੋਈ ਨੇ ਮੈਥਿਊ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਮੈਥਿਊ ਨੇ 10 ਗੇਂਦਾਂ ‘ਚ 3 ਚੌਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਸ ਦੇ ਅਗਲੇ ਓਵਰ ‘ਚ ਪਿਛਲੇ ਮੈਚ ‘ਚ ਸੈਂਕੜਾ ਲਗਾਉਣ ਵਾਲੇ ਜੋਸ਼ ਇੰਗਲਿਸ ਨੂੰ ਸਿਰਫ 2 ਦੌੜਾਂ ‘ਤੇ ਤਿਲਕ ਵਰਮਾ ਨੇ ਕੈਚ ਆਊਟ ਕਰ ਦਿੱਤਾ।

ਆਸਟ੍ਰੇਲੀਆ ਨੇ 39 ਦੌੜਾਂ ‘ਤੇ 2 ਵਿਕਟਾਂ ਗੁਆ ਦਿੱਤੀਆਂ ਸਨ। ਫਿਰ ਮੈਕਸਵੈੱਲ ਨੇ ਕ੍ਰੀਜ਼ ‘ਤੇ ਆ ਕੇ ਕੁਝ ਵੱਡੇ ਸ਼ਾਟ ਲਗਾਏ ਪਰ ਉਹ ਵੀ 6ਵੇਂ ਓਵਰ ‘ਚ ਅਕਸ਼ਰ ਪਟੇਲ ਦਾ ਸ਼ਿਕਾਰ ਬਣ ਗਏ। ਮੈਕਸਵੈੱਲ ਨੇ 8 ਗੇਂਦਾਂ ‘ਤੇ 12 ਦੌੜਾਂ ਬਣਾਈਆਂ। ਸਮਿਥ ਨੇ ਖੇਡ ਸੰਭਾਲਦਿਆਂ ਖੇਡਣਾ ਸ਼ੁਰੂ ਕੀਤਾ। ਉਸ ਨੇ ਸਟੋਇਨਿਸ ਨੂੰ ਸਟ੍ਰਾਈਕ ਦਿੱਤੀ ਪਰ ਇਸ ਦੌਰਾਨ ਉਹ ਖੁਦ ਆਪਣੀ ਲੈਅ ਗੁਆ ਬੈਠਾ। ਪ੍ਰਸਿਧ ਕ੍ਰਿਸ਼ਨਾ ਨੇ ਉਸ ਨੂੰ 8ਵੇਂ ਓਵਰ ਵਿੱਚ ਜੈਸਵਾਲ ਦੇ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਸਮਿਥ ਨੇ 16 ਗੇਂਦਾਂ ‘ਤੇ 19 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸਟੋਇਨਿਸ ਨੇ ਟਿਮ ਡੇਵਿਡ ਨਾਲ ਮਿਲ ਕੇ ਟੀਮ ਦੇ ਸਕੋਰ ਨੂੰ 100 ਤੋਂ ਪਾਰ ਕਰ ਦਿੱਤਾ।

ਟਿਮ ਡੇਵਿਡ ਨੇ ਕੁਝ ਚੰਗੇ ਸ਼ਾਟ ਲਗਾਏ ਪਰ ਰਵੀ ਬਿਸ਼ਨੋਈ ਨੇ 14ਵੇਂ ਓਵਰ ‘ਚ ਉਸ ਦਾ ਵਿਕਟ ਲਿਆ। ਡੇਵਿਡ ਨੇ 22 ਗੇਂਦਾਂ ‘ਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਸਟਰੇਲੀਆ ਨੂੰ ਸਟੋਇਨਿਸ ਤੋਂ ਉਮੀਦਾਂ ਸਨ ਪਰ ਉਹ 15ਵੇਂ ਓਵਰ ਵਿੱਚ ਮੁਕੇਸ਼ ਕੁਮਾਰ ਨੂੰ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਵਿੱਚ ਅਕਸ਼ਰ ਦੇ ਹੱਥੋਂ ਕੈਚ ਹੋ ਗਿਆ। ਸਟੋਇਨਿਸ ਨੇ 25 ਗੇਂਦਾਂ ‘ਚ 2 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪ੍ਰਸਿਧ ਕ੍ਰਿਸ਼ਨਾ ਨੇ ਵੀ ਫਿਰ ਸਟ੍ਰਾਈਕ ਕੀਤੀ ਅਤੇ ਸੀਨ ਐਬੋਟ ਨੂੰ 1 ਰਨ ‘ਤੇ ਬੋਲਡ ਕਰ ਦਿੱਤਾ। ਕ੍ਰਿਸ਼ਨਾ ਨੇ ਵੀ ਨਾਥਨ ਐਲਿਸ ਨੂੰ 1 ਰਨ ‘ਤੇ ਬੋਲਡ ਕਰਕੇ ਆਸਟ੍ਰੇਲੀਆ ਨੂੰ 8ਵਾਂ ਝਟਕਾ ਦਿੱਤਾ। ਇਸ ਤੋਂ ਬਾਅਦ ਅਰਸ਼ਦੀਪ ਵੀ ਲੈਅ ਵਿੱਚ ਪਰਤ ਆਇਆ। ਪਹਿਲੇ 2 ਓਵਰਾਂ ‘ਚ 29 ਦੌੜਾਂ ਬਣਾਉਣ ਤੋਂ ਬਾਅਦ ਉਸ ਨੇ ਤੀਜੇ ਓਵਰ ‘ਚ ਸਿਰਫ 3 ਦੌੜਾਂ ਦਿੱਤੀਆਂ ਅਤੇ ਇਕ ਵਿਕਟ ਲਈ। ਉਸ ਨੇ ਯਾਰਕਰ ਗੇਂਦ ‘ਤੇ ਜ਼ਾਂਪਾ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।

Add a Comment

Your email address will not be published. Required fields are marked *