ਭਾਜਪਾ ਨੇ ਰਾਹੁਲ, ਪ੍ਰਿਯੰਕਾ ’ਤੇ ਲਗਾਇਆ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਢੇਰਾ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਦਿਨ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਟਿੱਪਣੀ ਰਾਹੀਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਇਸ ਨੇ ਚੋਣ ਕਮਿਸ਼ਨ ਨੂੰ ਕਾਂਗਰਸੀ ਨੇਤਾਵਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਵਿਰੁੱਧ ਹੋਰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਕਾਂਗਰਸ ਦੇ ਦੋਵਾਂ ਆਗੂਆਂ ਨੇ ਆਪਣੀਆਂ ਪੋਸਟਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੀਆਂ ਪੋਸਟਾਂ ਨਾਲ ਚੋਣਾਂ ਤੋਂ ਪਹਿਲਾਂ 48 ਘੰਟੇ ਤੱਕ ਦੀ ‘ਸਾਇਲੈਂਸ ਪੀਰੀਅਡ’ ਦਾ ਉਲੰਘਣਾ ਹੋਈ ਹੈ। ਇਹ ਉਹ ਸਮਾਂ ਹੁੰਦਾ ਹੈ ਜਿਸ ਦੌਰਾਨ ਪ੍ਰਚਾਰ ਦੇ ਜ਼ਿਆਦਾਤਰ ਰੂਪਾਂ ਦੀ ਮਨਾਹੀ ਹੈ। ਪਾਰਟੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ’ਤੇ ਲੋਕ ਪ੍ਰਤੀਨਿਧਤਾ ਐਕਟ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ।

ਰਾਹੁਲ ਨੇ ‘ਐਕਸ’ ’ਤੇ ਇਕ ਪੋਸਟ ਰਾਹੀਂ ਲੋਕਾਂ ਨੂੰ ਕਾਂਗਰਸ ਨੂੰ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲਿਖਿਆ ਕਿ ਰਾਜਸਥਾਨ ਚੁਣੇਗਾ ਮੁਫਤ ਇਲਾਜ, ਸਸਤਾ ਗੈਸ ਸਿਲੰਡਰ, ਵਿਆਜ਼ ਮੁਕਤ ਖੇਤੀ ਕਰਜ਼ੇ, ਅੰਗਰੇਜ਼ੀ ਸਿੱਖਿਆ, ਓ. ਪੀ. ਐੱਸ. (ਪੁਰਾਣੀ ਪੈਨਸ਼ਨ ਯੋਜਨਾ), ਜਾਤੀ ਆਧਾਰਿਤ ਮਰਦਮਸ਼ੁਮਾਰੀ। ਉਥੇ, ਪ੍ਰਿਯੰਕਾ ਨੇ ਰਾਜਸਧਾਨ ਦੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰਾਜਸਥਾਨ ਦੇ ਮੇਰੇ ਪਿਆਰੇ ਭਰਾਵੋ ਤੇ ਭੈਣੋਂ! ਤੁਹਾਡੀ ਇਕ-ਇਕ ਵੋਟ ਸੁਨਹਿਰੇ ਭਵਿੱਖ ਲਈ, ਅਧਿਕਾਰਾਂ ਲਈ, ਕਾਂਗਰਸ ਦੀ ਗਾਰੰਟੀ ਲਈ ਹੈ। ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੀ ਟਿੱਪਣੀ 48 ਘੰਟੇ ਦੀ ਉਸ ਮਿਆਦ ਦੀ ਉਲੰਘਣਾ ਕਰਦੀ ਹੈ, ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਮੁਹਿੰਮ ਦੀ ਮਨਾਹੀ ਹੈ। ਇਸਨੇ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਵਿਚ ਕਿਹਾ ਕਿ ਸੋਸ਼ਲ ਮੀਡੀਆ ਮੰਚ ‘ਐਕਸ’ ਅਤੇ ਉਸਦੇ ਅਹੁਦੇਦਾਰਾਂ ਨੂੰ ਅਕਾਊਂਟ ਤਤਕਾਲ ਮੁਅੱਤਲ ਕਰਨ ਅਤੇ ਉਕਤ ਕਮਿਸ਼ਨ ਨੂੰ ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਨੂੰ ਅਪਰਾਧਿਕ ਸ਼ਿਕਾਇਤ ਦਰਜ ਕਰਨ ਅਤੇ ਅਪਰਾਧਿਕ ਮਾਮਲਾ ਸ਼ੁਰੂ ਕਰਨ ਦਾ ਵੀ ਨਿਰਦੇਸ਼ ਦੇਣਾ ਚਾਹੀਦਾ ਹੈ। 

Add a Comment

Your email address will not be published. Required fields are marked *