ਚੋਰਾਂ ਨੇ 66 ਦੁਕਾਨਾਂ ਦੇ ਤੋੜੇ ਜਿੰਦੇ, ਚੋਰੀ ਕੀਤੇ ਟਮਾਟਰ ਤੇ ਅਦਰਕ

ਟਮਾਟਰ ਅਤੇ ਅਦਰਕ ਦੀ ਇਕ ਵਾਰ ਫਿਰ ਵੱਡੀ ਚੋਰੀ ਹੋਈ ਹੈ। ਮਾਮਲਾ ਝਾਰਖੰਡ ਦੇ ਗੁਮਲਾ ਦਾ ਹੈ, ਜਿੱਥੇ 66 ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰ ਰੱਖੇ ਟਮਾਟਰ ਅਤੇ ਅਦਰਕ ਚੋਰੀ ਕਰ ਲਏ ਗਏ। ਇਸ ਦੇ ਨਾਲ ਹੀ ਚੋਰ 2 ਲੱਖ ਰੁਪਏ ਦੀ ਕੀਮਤ ਦੇ ਇਲੈਕਟ੍ਰਾਨਿਕ ਕੰਡੇ ਵੀ ਚੋਰੀ ਕਰਕੇ ਲੈ ਗਏ ਹਨ।

ਅਸਲ ‘ਚ ਗੁਮਲਾ ਸ਼ਹਿਰ ਦੇ ਸਦਰ ਥਾਣਾ ਖੇਤਰ ‘ਚ ਵੱਡਾ ਦੁਰਗਾ ਮੰਦਰ ਰੋਡ ‘ਤੇ ਟਾਂਗਰਾ ਸਬਜ਼ੀ ਮੰਡੀ ‘ਚ 5 ਅਗਸਤ ਦੀ ਰਾਤ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸਵੇਰੇ ਜਦੋਂ ਦੁਕਾਨਦਾਰ ਮੰਡੀ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। 66 ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ ਤੇ ਦੁਕਾਨਾਂ ‘ਚ ਮੌਜੂਦ ਸਬਜ਼ੀਆਂ ਤੋਲਣ ਵਾਲੇ ਕੰਡੇ ਅਤੇ ਹੋਰ ਸਾਮਾਨ ਗਾਇਬ ਸੀ।

ਚੋਰ ਇਨ੍ਹਾਂ ਦੁਕਾਨਾਂ ’ਚੋਂ ਕਰੀਬ 50 ਕਿਲੋ ਟਮਾਟਰ, 10 ਕਿਲੋ ਅਦਰਕ ਤੇ ਹੋਰ ਸਬਜ਼ੀਆਂ ਸਮੇਤ 2 ਲੱਖ ਰੁਪਏ ਦੇ ਇਲੈਕਟ੍ਰਾਨਿਕ ਕੰਡੇ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਤੋਂ ਬਾਅਦ ਦੁਕਾਨਦਾਰ ਭੜਕ ਗਏ ਤੇ ਉਨ੍ਹਾਂ ਮੰਡੀ ਬੰਦ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਕਾਫੀ ਹੰਗਾਮਾ ਕੀਤਾ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕਰਨੀ ਸ਼ੁਰੂ ਕੀਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਦੁਕਾਨਦਾਰਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਸਮੇਂ ਟਮਾਟਰ ਅਤੇ ਅਦਰਕ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਜਿੱਥੇ ਟਮਾਟਰ 200 ਰੁਪਏ ਕਿਲੋ ਵਿਕ ਰਿਹਾ ਹੈ ਤਾਂ ਅਦਰਕ ਦਾ ਭਾਅ 400 ਰੁਪਏ ਪ੍ਰਤੀ ਕਿਲੋ ਹੈ। ਟਮਾਟਰ ਅਤੇ ਅਦਰਕ ਦੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ।

Add a Comment

Your email address will not be published. Required fields are marked *