ਸੰਵਿਧਾਨ ਦਿਵਸ ‘ਤੇ ਸੁਪਰੀਮ ਕੋਰਟ ‘ਚ ਡਾ. ਅੰਬੇਡਕਰ ਦਾ ਬੁੱਤ ਸਥਾਪਿਤ

ਨਵੀਂ ਦਿੱਲੀ : ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਤਵਾਰ ਨੂੰ ਸੁਪਰੀਮ ਕੋਰਟ ਕੰਪਲੈਕਸ ’ਚ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦਾ ਉਦਘਾਟਨ ਕੀਤਾ। ਮੁਰਮੂ ਨੇ ਉਦਘਾਟਨ ਤੋਂ ਬਾਅਦ ਬੁੱਤ ’ਤੇ ਫੁੱਲ ਭੇਟ ਕਰਕੇ ਸੰਵਿਧਾਨ ਨਿਰਮਾਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਕੇਂਦਰੀ ਕਾਨੂੰਨ ਰਾਜ ਮੰਤਰੀ (ਸੁਤੰਤਰ ਚਾਰਜ) ਅਰਜੁਨ ਰਾਮ ਮੇਘਵਾਲ, ਸੁਪਰੀਮ ਕੋਰਟ ਦੇ ਹੋਰ ਜੱਜ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਇਸ ਮੌਕੇ ਚੀਫ਼ ਜਸਟਿਸ ਚੰਦਰਚੂੜ ਨੇ ਕਿਹਾ ਕਿ ਸੁਪਰੀਮ ਕੋਰਟ ਨੇ ‘ਲੋਕ ਅਦਾਲਤ’ ਵਜੋਂ ਆਪਣੀ ਭੂਮਿਕਾ ਨਿਭਾਈ ਹੈ ਅਤੇ ਨਾਗਰਿਕਾਂ ਨੂੰ ਅਦਾਲਤਾਂ ਦਾ ਦਰਵਾਜ਼ਾ ਖੜਕਾਉਣ ਤੋਂ ਨਹੀਂ ਡਰਨਾ ਚਾਹੀਦਾ ਜਾਂ ਇਸ ਨੂੰ ਆਖਰੀ ਉਪਾਅ ਵਜੋਂ ਨਹੀਂ ਦੇਖਣਾ ਚਾਹੀਦਾ।’’ ਉਨ੍ਹਾਂ ਕਿਹਾ,‘‘ਜਿਸ ਤਰ੍ਹਾਂ ਸੰਵਿਧਾਨ ਸਾਨੂੰ ਸਥਾਪਿਤ ਲੋਕਤੰਤਰੀ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਰਾਹੀਂ ਰਾਜਨੀਤਿਕ ਮਤਭੇਦਾਂ ਨੂੰ ਸੁਲਝਾਉਣ ਦੀ ਇਜਾਜ਼ਤ ਦਿੰਦਾ ਹੈ, ਉਸੇ ਤਰ੍ਹਾਂ ਅਦਾਲਤੀ ਪ੍ਰਣਾਲੀ ਸਥਾਪਿਤ ਸਿਧਾਂਤਾਂ ਅਤੇ ਪ੍ਰਕਿਰਿਆਵਾਂ ਰਾਹੀਂ ਕਈ ਮਤਭੇਦਾਂ ਨੂੰ ਹੱਲ ’ਚ ਮਦਦ ਕਰਦੀ ਹੈ। ਇਸ ਤਰ੍ਹਾਂ ਦੇਸ਼ ਦੀ ਹਰ ਅਦਾਲਤ ’ਚ ਹਰ ਮਾਮਲਾ ਸੰਵਿਧਾਨਕ ਸ਼ਾਸਨ ਦਾ ਵਿਸਥਾਰ ਹੈ।’’ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੁਨੀਆ ਦੀ ਇਕਲੌਤੀ ਅਦਾਲਤ ਹੈ, ਜਿੱਥੇ ਕੋਈ ਵੀ ਨਾਗਰਿਕ ਸੀ.ਜੇ.ਆਈ. ਨੂੰ ਪੱਤਰ ਲਿਖ ਕੇ ਸੁਪਰੀਮ ਕੋਰਟ ਦੇ ਸੰਵਿਧਾਨਕ ਤੰਤਰ ਨੂੰ ਰਫ਼ਤਾਰ ਦੇ ਸਕਦਾ ਹੈ।

Add a Comment

Your email address will not be published. Required fields are marked *