ਤ੍ਰਿਸ਼ਾ ਕ੍ਰਿਸ਼ਨਨ ’ਤੇ ਵਿਵਾਦਿਤ ਟਿੱਪਣੀ ਕਰਨ ਮਗਰੋਂ ਮੰਸੂਰ ਅਲੀ ਖ਼ਾਨ ਨੇ ਜਨਤਕ ਤੌਰ ’ਤੇ ਮੰਗੀ ਮੁਆਫ਼ੀ

ਮੁੰਬਈ – ਦੱਖਣ ਭਾਰਤੀ ਫ਼ਿਲਮਾਂ ਦੇ ਮਸ਼ਹੂਰ ਖਲਨਾਇਕ ਮੰਸੂਰ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੇ ਬੇਤੁਕੇ ਬਿਆਨਾਂ ਕਾਰਨ ਹਰ ਪਾਸਿਓਂ ਹਮਲੇ ਦਾ ਸ਼ਿਕਾਰ ਹਨ। ਜਿਥੇ ਉਹ ਸੋਸ਼ਲ ਮੀਡੀਆ ’ਤੇ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਬਾਰੇ ਅਪਮਾਨਜਨਕ ਗੱਲਾਂ ਕਹਿ ਕੇ ਪ੍ਰਸ਼ੰਸਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ, ਉਥੇ ਹੀ ਉਨ੍ਹਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ। ਮੰਸੂਰ ਅਲੀ ਖ਼ਾਨ ਵੀਰਵਾਰ ਨੂੰ ਥਾਊਜ਼ੈਂਡ ਲਾਈਟਸ ਆਲ ਵੁਮੈਨ ਪੁਲਸ ਦੇ ਸਾਹਮਣੇ ਪੇਸ਼ ਹੋਏ ਤੇ ਲਿਖਤੀ ਮੁਆਫ਼ੀ ਮੰਗੀ, ਨਾਲ ਹੀ ਹੁਣ ਉਨ੍ਹਾਂ ਨੇ ਜਨਤਕ ਤੌਰ ’ਤੇ ਵੀ ਮੁਆਫ਼ੀ ਮੰਗ ਲਈ ਹੈ। ਅਦਾਕਾਰ ਖ਼ਿਲਾਫ਼ ਯੌਨ ਸ਼ੋਸ਼ਣ ਦੇ ਨਾਲ-ਨਾਲ ਇਕ ਔਰਤ ਦੀ ਇੱਜ਼ਤ ਦਾ ਅਪਮਾਨ ਕਰਨ ਦੇ ਦੋਸ਼ਾਂ ’ਚ ਮਾਮਲਾ ਦਰਜ ਕੀਤਾ ਗਿਆ ਹੈ।

ਹਾਲ ਹੀ ’ਚ ਅਦਾਕਾਰਾ ਤ੍ਰਿਸ਼ਾ ਨੇ ਵੀ ਸੋਸ਼ਲ ਮੀਡੀਆ ’ਤੇ ਮੰਸੂਰ ਦੀ ਟਿੱਪਣੀ ਦੀ ਸਖ਼ਤ ਨਿੰਦਿਆ ਕੀਤੀ ਸੀ। ਅਦਾਕਾਰਾ ਨੇ ਇਥੋਂ ਤੱਕ ਐਲਾਨ ਕੀਤਾ ਹੈ ਕਿ ਉਹ ਮੰਸੂਰ ਨਾਲ ਮੁੜ ਕਦੇ ਕੰਮ ਨਹੀਂ ਕਰੇਗੀ। ਮੰਸੂਰ ਅਲੀ ਨੇ ਫ਼ਿਲਮ ‘ਲਿਓ’ ’ਚ ਤ੍ਰਿਸ਼ਾ ਨਾਲ ਬੈੱਡਰੂਮ ਸੀਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਫ਼ਿਲਮ ’ਚ ਤ੍ਰਿਸ਼ਾ ਨਾਲ ਰੇਪ ਸੀਨ ਵਰਗਾ ਕੁਝ ਕਰਨ ਨੂੰ ਮਿਲੇਗਾ।

ਹਾਲਾਂਕਿ ਹੁਣ ਵਧਦੀ ਆਲੋਚਨਾ ਦਾ ਸਾਹਮਣਾ ਕਰਦਿਆਂ ਮੰਸੂਰ ਨੇ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਮੰਸੂਰ ਨੇ ਤ੍ਰਿਸ਼ਾ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਹੈ। ਉਸ ਨੇ ਕਿਹਾ, ‘‘ਕਲਿੰਗ ਯੁੱਧ ਖ਼ਤਮ ਹੋ ਗਿਆ ਹੈ ਤੇ ਮੈਂ ਜਿੱਤ ਗਿਆ ਹਾਂ।’’ ਇਸ ਦੇ ਨਾਲ ਹੀ ਮੰਸੂਰ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਤ੍ਰਿਸ਼ਾ ਉਨ੍ਹਾਂ ਨੂੰ ਵਿਆਹ ’ਚ ਬੁਲਾਏਗੀ ਤੇ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਦਾ ਮੌਕਾ ਦੇਵੇਗੀ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਮੰਸੂਰ ਨੇ ਥਾਊਜ਼ੈਂਡ ਲਾਈਟਸ ਆਲ ਵੁਮੈਨ ਪੁਲਸ ਦੇ ਸਾਹਮਣੇ ਪੇਸ਼ ਹੋ ਕੇ ਲਿਖਤੀ ਬਿਆਨ ਦਰਜ ਕਰਵਾਇਆ ਸੀ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਤ੍ਰਿਸ਼ਾ ਪ੍ਰਤੀ ਉਨ੍ਹਾਂ ਦੀ ਟਿੱਪਣੀ ’ਚ ਜਾਣਬੁਝ ਕੇ ਕੁਝ ਨਹੀਂ ਸੀ। ਉਸ ਨੂੰ ਗਲਤ ਸਮਝਿਆ ਗਿਆ ਸੀ ਤੇ ਇਸ ਲਈ ਉਹ ਮੁਆਫ਼ੀ ਵੀ ਮੰਗਦਾ ਹੈ। ਮੰਸੂਰ ਨੇ ਕਿਹਾ ਕਿ ਉਹ ਪੁਲਸ ਨੂੰ ਪੂਰਾ ਸਹਿਯੋਗ ਦੇਣਗੇ ਤੇ ਜਦੋਂ ਵੀ ਪੁਲਸ ਉਸ ਨੂੰ ਪੇਸ਼ ਹੋਣ ਲਈ ਕਹੇਗੀ ਤਾਂ ਉਹ ਪੇਸ਼ ਹੋਵੇਗਾ।

Add a Comment

Your email address will not be published. Required fields are marked *