ਜਲੰਧਰ ‘ਚ ਘਰ ਸਿਲੰਡਰ ਫਟਣ ਨਾਲ ਵਿਅਕਤੀ ਦੀ ਹੋਈ ਮੌਤ

ਜਲੰਧਰ : ਥਾਣਾ ਸਦਰ ਦੀ ਪੁਲਿਸ ਚੌਕੀ ਜੰਡਿਆਲਾ ਅਧੀਨ ਪੈਂਦੇ ਪਿੰਡ ਸਮਰਾਏ (ਪੱਤੀ ਲਾਲ ਦਰਵਾਜ਼ਾ) ਦੇ ਇਕ ਘਰ ’ਚ ਸ਼ੁੱਕਰਵਾਰ ਨੂੰ ਗੈਸ ਲੀਕ ਹੋਣ ਕਾਰਨ ਨੇੜੇ ਪਿਆ ਸਿਲੰਡਰ ਫਟ ਗਿਆ, ਜਿਸ ਕਾਰਨ ਘਰ ਦੀ ਛੱਤ ਉੱਡ ਗਈ ਤੇ ਗੈਸ ਸਿਲੰਡਰ ਡਿਲੀਵਰ ਕਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ 55 ਸਾਲਾ ਰਣਜੀਤ ਸਿੰਘ ਰਾਜਾ ਪੁੱਤਰ ਮੋਹਨ ਲਾਲ ਵਜੋਂ ਹੋਈ ਹੈ।

ਥਾਣਾ ਸਦਰ ਜਮਸ਼ੇਰ ਦੇ ਮੁਖੀ ਇੰਸ. ਭਰਤ ਮਸੀਹ ਲੱਧੜ ਨੇ ਦੱਸਿਆ ਕਿ ਘਰ ’ਚ ਗੈਸ ਸਿਲੰਡਰ ਫਟਣ ਦੀ ਸੂਚਨਾ ਮਿਲਦਿਆਂ ਹੀ ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਰਜਿੰਦਰ ਸਿੰਘ, ਸੀਨੀ. ਕਾਂਸਟੇਬਲ ਦਲਜੀਤ ਸਿੰਘ ਤੇ ਹੋਰ ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਸਭ ਤੋਂ ਪਹਿਲਾਂ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ ਰਣਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ । ਸੀਨੀ. ਕਾਂਸਟੇਬਲ ਦਲਜੀਤ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਘਰ ਨੂੰ ਲੱਗੀ ਅੱਗ ’ਤੇ ਕਾਬੂ ਪਾ ਲਿਆ।

ਮ੍ਰਿਤਕ ਰਣਜੀਤ ਸਿੰਘ ਰਾਜਾ ਬੰਡਾਲਾ ਸਥਿਤ ਰਮਨੀਕ ਗੈਸ ਏਜੰਸੀ ’ਚ ਗੈਸ ਸਿਲੰਡਰ ਡਿਲੀਵਰੀ ਦਾ ਕੰਮ ਕਰਦਾ ਸੀ। ਘਰ ’ਚ 20 ਤੋਂ 25 ਹੋਰ ਸਿਲੰਡਰ ਪਏ ਸਨ, ਜੇਕਰ ਅੱਗ ’ਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤਾਂ ਬਾਕੀ ਬਚੇ ਸਿਲੰਡਰਾਂ ਨੂੰ ਵੀ ਅੱਗ ਲੱਗ ਸਕਦੀ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਲੜਕਾ ਕਮਲਦੀਪ ਸਿੰਘ ਵਿਦੇਸ਼ ’ਚ ਹੈ ਤੇ ਬੇਟੀ ਮਨਪ੍ਰੀਤ ਕੌਰ ਬੰਗਲੌਰ ’ਚ ਇੰਜੀਨੀਅਰ ਹੈ। ਐੱਸ. ਐੱਚ. ਓ. ਭਰਤ ਮਸੀਹ ਨੇ ਦੱਸਿਆ ਹੈ ਕਿ ਪੁਲਸ ਨੇ ਮ੍ਰਿਤਕ ਰਣਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸ਼ਨੀਵਾਰ ਸਵੇਰੇ ਕਾਨੂੰਨੀ ਕਾਰਵਾਈ ਕਰ ਕੇ ਰਣਜੀਤ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

Add a Comment

Your email address will not be published. Required fields are marked *