ਗੁਰਦੁਆਰਾ ਸਾਹਿਬ ‘ਚ ਪੁਲਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ

ਕਪੂਰਥਲਾ – ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਸਥਿਤ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਦੇ ਸੰਚਾਲਨ ਦੇ ਕਬਜ਼ੇ ਨੂੰ ਲੈ ਕੇ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਿਹੰਗ ਸਿੰਘਾਂ ਦੇ ਇਕ ਜਥੇ ਬਾਬਾ ਬੁੱਢਾ ਦਲ ਮਾਨ ਸਿੰਘ ਗਰੁੱਪ ਦੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣ ਲਈ ਨਿਹੰਗ ਸਿੰਘਾਂ ਅਤੇ ਪੁਲਸ ਵਿਚਾਲੇ ਮੁੱਠਭੇੜ ਹੋ ਗਈ, ਜਿਸ ਕਾਰਨ ਦੋਵਾਂ ਪਾਸਿਆਂ ਤੋਂ ਗੋਲ਼ੀਬਾਰੀ ਹੋਈ। ਇਸ ਮੁਠਭੇੜ ਵਿਚ ਇਕ ਪੁਲਸ ਕਾਂਸਟੇਬਲ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਪੁਲਸ ਕਰਮਚਾਰੀ ਅਜੇ ਵੀ ਜ਼ਖ਼ਮੀ ਹਨ। ਮਾਰੇ ਗਏ ਪੁਲਸ ਮੁਲਾਜ਼ਮ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਥਾਣਾ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। 

ਅੱਜ ਤੜਕੇ ਤੋਂ ਹੀ ਦੋਹਾਂ ਪਾਸਿਆਂ ਤੋਂ ਲਗਾਤਾਰ ਗੋਲ਼ੀਬਾਰੀ ਹੋ ਰਹੀ ਹੈ। ਕਪੂਰਥਲਾ ਦੇ ਐੱਸ. ਐੱਸ. ਪੀ. ਮੌਕੇ ’ਤੇ ਆਪ ਟੀਮ ਦੀ ਅਗਵਾਈ ਕਰ ਰਹੇ ਹਨ ਜਦਕਿ ਜਲੰਧਰ ਤੋਂ ਆਈ. ਜੀ. ਵੀ ਮੌਕੇ ਲਈ ਰਵਾਨਾ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹਨ। ਅਸਲ ਵਿਚ ਕੁਝ ਦਿਨ ਪਹਿਲਾਂ ਨਿਹੰਗ ਸਿੰਘਾਂ ਦੇ ਇਕ ਧੜੇ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਸੀ ਅਤੇ ਪੁਲਸ ਇਸ ਕਬਜ਼ੇ ਨੂੰ ਛੁਡਵਾਉਣ ਵਾਸਤੇ ਗਈ ਸੀ। ਪੁਲਸ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।  ਉਥੇ ਹੀ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। 

Add a Comment

Your email address will not be published. Required fields are marked *