ED ਨੇ AJL ਤੇ ਯੰਗ ਇੰਡੀਆ ਦੀ 751 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਨਾਲ ਜੁੜੇ ਏਜੇਐੱਲ ਤੇ ਯੰਗ ਇੰਡੀਆ ਦੀ ਕਰੋੜਾਂ ਰੁਪਏ ਦੀ ਜਾਇਦਾਦ ਅਸਥਾਈ ਤੌਰ ‘ਤੇ ਕੁਰਕ ਕਰਨ ਦਾ ਹੁਕਮ ਜਾਰੀ ਕੀਤਾ ਹੈ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਹੈ। ਇਸ ਤਹਿਤ 751.9 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਜ਼ਬਤ ਕੀਤੀ ਗਈ ਸੰਪਤੀ ‘ਚੋਂ ਏਜੇਐੱਲ ਦੀ ਦਿੱਲੀ, ਮੁੰਬਈ ਅਤੇ ਲਖਨਊ ਸਮੇਤ ਕਈ ਥਾਵਾਂ ‘ਤੇ ਜਾਇਦਾਦਾਂ ਹਨ। ਇਸ ਦੀ ਕੁਲ ਲਾਗਤ 661.69 ਕਰੋੜ ਰੁਪਏ ਹੈ। ਈਡੀ ਨੇ ਕਿਹਾ ਕਿ ਯੰਗ ਇੰਡੀਅਨ ਦੀ ਜਾਇਦਾਦ ਦੀ ਕੀਮਤ 90.21 ਕਰੋੜ ਰੁਪਏ ਹੈ।

ਈਡੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਖ਼ਬਾਰ ਪ੍ਰਕਾਸ਼ਕ ਐਸੋਸੀਏਟਿਡ ਜਰਨਲ ਲਿਮਟਿਡ (AJL) ਤੇ ਇਸ ਦੀ ਹੋਲਡਿੰਗ ਕੰਪਨੀ ਯੰਗ ਇੰਡੀਅਨ ਦੇ ਖ਼ਿਲਾਫ਼ ਪੀਐੱਮਐੱਲਏ ਤਹਿਤ ਇਕ ਆਦੇਸ਼ ਜਾਰੀ ਕੀਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ, “ਜਾਂਚ ‘ਚ ਸਾਹਮਣੇ ਆਇਆ ਹੈ ਕਿ ਏਜੇਐੱਲ ਕੋਲ ਅਚੱਲ ਜਾਇਦਾਦਾਂ ਦੇ ਰੂਪ ਵਿੱਚ ਅਪਰਾਧ ਦੀ ਕਮਾਈ ਹੈ, ਜੋ ਕਿ ਦੇਸ਼ ਦੇ ਕਈ ਸ਼ਹਿਰਾਂ ਜਿਵੇਂ ਕਿ ਦਿੱਲੀ, ਮੁੰਬਈ ਅਤੇ ਲਖਨਊ ਵਿੱਚ ਸਥਿਤ ਹਨ। ਇਨ੍ਹਾਂ ਦੀ ਕੀਮਤ 661.69 ਕਰੋੜ ਰੁਪਏ ਹੈ। ਉਥੇ ਹੀ ਯੰਗ ਇੰਡੀਆ ਦੇ ਕੋਲ ਅਪਰਾਧ ਤੋਂ ਪ੍ਰਾਪਤ ਕਮਾਈ 90.21 ਕਰੋੜ ਰੁਪਏ AJL ਦੇ ‘ਇਕਵਿਟੀ ਸ਼ੇਅਰਾਂ’ ਦੇ ਰੂਪ ਵਿੱਚ ਹੈ।”

ਈਡੀ ਨੇ ਇਸ ਮਾਮਲੇ ‘ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਈਡੀ ਦੀ ਇਸ ਕਾਰਵਾਈ ‘ਤੇ ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, “ਈਡੀ ਦੁਆਰਾ ਏਜੇਐੱਲ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਖ਼ਬਰ ਰਾਜਾਂ ਵਿੱਚ ਚੱਲ ਰਹੀਆਂ ਚੋਣਾਂ ‘ਚ ਨਿਸ਼ਚਿਤ ਹਾਰ ਤੋਂ ਧਿਆਨ ਹਟਾਉਣ ਲਈ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦੀ ਹੈ।” ਉਨ੍ਹਾਂ ਕਿਹਾ, “ਪੀਐੱਮਐੱਲਏ ਦੀ ਕਾਰਵਾਈ ਸਿਰਫ ਇਕ ਅਚਨਚੇਤ ਜਾਂ ਮੁੱਖ ਅਪਰਾਧ ਦੇ ਨਤੀਜੇ ਵਜੋਂ ਕੀਤੀ ਜਾ ਸਕਦੀ ਹੈ। ਕੋਈ ਅਚੱਲ ਜਾਇਦਾਦ ਦਾ ਕੋਈ ਤਬਾਦਲਾ ਨਹੀਂ ਹੁੰਦਾ।ਅਸਲ ‘ਚ ਅਜਿਹਾ ਕੋਈ ਸ਼ਿਕਾਇਤਕਰਤਾ ਨਹੀਂ ਹੈ, ਜੋ ਇਹ ਦਾਅਵਾ ਕਰਦਾ ਹੋਵੇ ਕਿ ਉਸ ਨੂੰ ਧੋਖਾ ਦਿੱਤਾ ਗਿਆ ਹੈ।”

Add a Comment

Your email address will not be published. Required fields are marked *