ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਮਰਿਆਦਾ ਦੀ ਉਲੰਘਣਾ

ਕਰਤਾਰਪੁਰ ਸਾਹਿਬ- ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਹਦੂਦ ਵਿਚ ਬੀਤੀ ਰਾਤ ਆਯੋਜਿਤ ਪਾਰਟੀ ਵਿਚ ਸ਼ਰਾਬ ਅਤੇ ਮੀਟ ਪਰੋਸਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਪਾਰਟੀ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਤਕਰੀਬਨ 15-20 ਫੁੱਟ ਦੀ ਦੂਰੀ ’ਤੇ ਕੀਤੀ ਗਈ ਸੀ। ਇਸ ਘਟਨਾ ਕਾਰਨ ਇਸ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਦੇ ਕਾਰਜਕਾਰੀ ਅਧਿਕਾਰੀ (ਸੀ. ਈ .ਓ.) ਮੁਹੰਮਦ ਅਬੂਬਕਰ ਆਫ਼ਤਾਬ ਕੁਰੈਸ਼ੀ ਵੀ ਵਿਵਾਦਾਂ ’ਚ ਘਿਰ ਗਏ ਹਨ।

ਸੂਤਰਾਂ ਮੁਤਾਬਕ ਇਹ ਪਾਰਟੀ 18 ਨਵੰਬਰ ਰਾਤ ਨੂੰ ਸ਼ੁਰੂ ਹੋਈ ਅਤੇ ਦੇਰ ਰਾਤ ਤੱਕ ਜਾਰੀ ਰਹੀ। ਪਾਰਟੀ ਵਿਚ ਪਾਕਿਸਤਾਨ ਦੇ ਨਾਰੋਵਾਲ ਦੇ ਜ਼ਿਲ੍ਹਾ ਕੁਲੈਕਟਰ ਮੁਹੰਮਦ ਸ਼ਾਰੁਖ ਸਮੇਤ ਸੀਨੀਅਰ ਪੁਲਸ ਅਧਿਕਾਰੀਆਂ ਸਮੇਤ 100 ਤੋਂ ਵੱਧ ਅਹਿਮ ਲੋਕ ਸ਼ਾਮਲ ਹੋਏ। ਜ਼ਿਲ੍ਹਾ ਮੈਜਿਸਟਰੇਟ ਨਾਰੋਵਾਲ ਸਮੇਤ ਕੁਝ ਅਧਿਕਾਰੀਆਂ ਨੇ ਸ਼ਰਾਬ ਦਾ ਸੇਵਨ ਇੰਨਾ ਜ਼ਿਆਦਾ ਕਰ ਲਿਆ ਸੀ ਕਿ ਉਹ ਨੱਚਦੇ ਨਜ਼ਰ ਆਏ। ਇਸ ਸਬੰਧੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਪ੍ਰਬੰਧਕਾਂ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ’ਚ ਗੁੱਸਾ ਹੈ ਅਤੇ ਉਨ੍ਹਾਂ ਨੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਸਬੰਧੀ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਹੈ।

ਉੱਥੇ ਹੀ ਇਸ ਪਾਰਟੀ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਸ਼ਾਮਲ ਹੋਏ ਪਰ ਉਨ੍ਹਾਂ ਨੇ ਪਾਰਟੀ ’ਚ ਸ਼ਰਾਬ ਅਤੇ ਮੀਟ ਪਰੋਸਣ ਦਾ ਵਿਰੋਧ ਨਹੀਂ ਕੀਤਾ। ਇਸ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਅੰਬੈਸਡਰ ਰਹੇ ਰਮੇਸ਼ ਸਿੰਘ ਅਰੋੜਾ ਵੀ ਪਾਰਟੀ ’ਚ ਮੌਜੂਦ ਸਨ।

ਇਸ ਮੰਦਭਾਗੀ ਘਟਨਾ ‘ਤੇ ਐੱਸ.ਜੀ.ਪੀ.ਸੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਖ਼ਤ ਨਿੰਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨੇੜੇ ਸ਼ਰਾਬ ਅਤੇ ਮੀਟ ਪਰੋਸ ਕੇ ਨਾਚ ਗਾਣੇ ਵਾਲੀ ਹੋਈ ਪਾਰਟੀ ਕੀਤੀ ਗਈ ਹੈ, ਜਿਸ ਦੇ ਖ਼ਿਲਾਫ਼ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਕਾਰਵਾਈ ਕਰਨ ਦੀ ਕੀਤੀ ਮੰਗ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ‘ਚ ਨਾਰੋਵਾਲ ਦੇ ਡਿਪਟੀ ਕਮਿਸ਼ਨਰ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੀ ਸ਼ਾਮਲ ਸਨ। ਸਿੱਖਾਂ ਦੇ ਅੰਦਰ ਇਸ ਸਮੇਂ ਵੱਡੇ ਪੱਧਰ ‘ਤੇ ਰੋਸ ਜਤਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਗੁਰਦੁਆਰਾ ਜਾਂ ਕਿਸੇ ਵੀ ਧਾਰਮਿਕ ਸਥਾਨ ਦੀ ਇਕ ਮਰਿਆਦਾ ਹੁੰਦੀ ਹੈ ਪਰ ਇਹ ਜੋ ਦੇਖਣ ‘ਚ ਆਇਆ ਹੈ ਉਹ ਬਹੁਤ ਹੀ ਮੰਦਭਾਗੀ ਗੱਲ ਹੈ, ਮੈਂ ਇਸ ਦਾ ਵਿਰੋਧ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ  ਐੱਸ.ਜੀ.ਪੀ.ਸੀ ਦੇ ਮੈਂਬਰ ਹੋਣ ਦੇ ਨਾਅਤੇ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਸਿੱਖਾਂ ਦੀ ਭਾਵਨਾ ਨਾਲ ਜੁੜੇ ਮੁੱਦੇ ‘ਤੇ ਆਪਣਾ ਪੱਖ ਸਪੱਸ਼ਟ ਕਰਨ ਅਤੇ ਜੋ ਵੀ ਲੋਕ ਦੋਸ਼ੀ ਹਨ, ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇ।

Add a Comment

Your email address will not be published. Required fields are marked *