World Cup Final ਮੁਕਾਬਲੇ ‘ਚ ਮਿਲੀ ਹਾਰ ਮਗਰੋਂ ਕਪਤਾਨ ਰੋਹਿਤ ਸ਼ਰਮਾ ਦਾ ਪਹਿਲਾ ਬਿਆਨ

ਟ੍ਰੈਵਿਸ ਹੈੱਡ ਦੇ 137 ਦੌੜਾਂ ਦੇ ਸੈਂਕੜੇ ਅਤੇ ਮਾਰਨਸ ਲੈਬੁਸ਼ੇਨ ਦੇ 58 ਦੌੜਾਂ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਐਤਵਾਰ ਨੂੰ ਆਈ.ਸੀ.ਸੀ. ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਆਈ.ਸੀ.ਸੀ. ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ। ਨਰਿੰਦਰ ਮੋਦੀ ਸਟੇਡੀਅਮ ‘ਚ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਉਸ ਨੇ ਆਪਣੇ ਚੋਟੀ ਦੇ ਤਿੰਨ ਬੱਲੇਬਾਜ਼ ਡੇਵਿਡ ਵਾਰਨਰ ਨੂੰ 7 ਦੌੜਾਂ, ਮਿਸ਼ੇਲ ਮਾਰਸ਼ ਨੂੰ 15 ਦੌੜਾਂ ਅਤੇ ਸਟੀਵ ਸਮਿਥ ਨੂੰ 4 ਦੌੜਾਂ ‘ਤੇ ਗੁਆ ਦਿੱਤਾ। ਇਸ ਤੋਂ ਬਾਅਦ ਟ੍ਰੈਵਿਸ ਹੈੱਡ ਅਤੇ ਮਾਰਨਸ ਲੈਬੁਸ਼ਗਨ ਨੇ ਧੀਰਜ ਨਾਲ ਖੇਡਦੇ ਹੋਏ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਮੈਚ ਤੋਂ ਬਾਅਦ ਬਿਆਨ ਦਿੰਦੇ ਹੋਏ ਹਾਰ ਦਾ ਸਾਹਮਣਾ ਕਰ ਰਹੇ ਕਪਤਾਨ ਰੋਹਿਤ ਸ਼ਰਮਾ ਨੇ ਟੀਮ ‘ਤੇ ਮਾਣ ਜਤਾਇਆ।

ਰੋਹਿਤ ਨੇ ਕਿਹਾ, ”ਨਤੀਜਾ ਸਾਡੇ ਪੱਖ ‘ਚ ਨਹੀਂ ਗਿਆ ਪਰ ਮੈਨੂੰ ਆਪਣੀ ਟੀਮ ‘ਤੇ ਮਾਣ ਹੈ ਜਿਸ ਤਰ੍ਹਾਂ ਅਸੀਂ ਪੂਰੇ ਟੂਰਨਾਮੈਂਟ ਦੌਰਾਨ ਖੇਡਿਆ। ਇਸ ਮੈਚ ਵਿਚ ਅਸੀਂ 20-30 ਦੌੜਾਂ ਘੱਟ ਗਏ। ਜਦੋਂ ਰਾਹੁਲ ਅਤੇ ਵਿਰਾਟ ਕਰੀਬ 25ਵੇਂ ਓਵਰ ਤਕ ਬੱਲੇਬਾਜ਼ੀ ਕਰ ਰਹੇ ਸਨ ਤਾਂ ਅਸੀਂ ਸੋਚਿਆ ਸੀ ਕਿ ਸਕੋਰ 270-80 ਹੋਵੇਗਾ। ਅਸੀਂ ਸ਼ੁਰੂਆਤ ‘ਚ ਤਿੰਨ ਵਿਕਟਾਂ ਲੈਣ ਤੋਂ ਬਾਅਦ ਹਰ ਸੰਭਵ ਕੋਸ਼ਿਸ਼ ਕੀਤੀ ਪਰ ਹੈੱਡ ਅਤੇ ਲੈਬੁਸ਼ੇਨ ਨੇ ਮੈਚ ਸਾਡੇ ਹੱਥੋਂ ਖੋਹ ਲਿਆ। ਪਿੱਚ ਅੰਡਰ ਲਾਈਟ ਬਾਅਦ ਵਿਚ ਬੱਲੇਬਾਜ਼ੀ ਲਈ ਚੰਗੀ ਰਹੀ। ਅਸੀਂ ਪਿੱਚ ਬਾਰੇ ਬਹਾਨਾ ਬਣਾ ਸਕਦੇ ਹਾਂ ਪਰ ਸਾਨੂੰ ਇਹ ਮੰਨਣਾ ਪਵੇਗਾ ਕਿ ਅਸੀਂ ਬੋਰਡ ‘ਤੇ ਲੋੜੀਂਦੀਆਂ ਦੌੜਾਂ ਬਣਾਉਣਯੋਗ ਬੱਲੇਬਾਜ਼ੀ ਨਹੀਂ ਕੀਤੀ।

ਦੱਸ ਦੇਈਏ ਕਿ ਆਸਟ੍ਰੇਲੀਆ ਦੀ ਇਹ ਛੇਵੀਂ ਵਿਸ਼ਵ ਕੱਪ ਖਿਤਾਬ ਜਿੱਤ ਹੈ। ਉੱਥੇ ਹੀ ਭਾਰਤ ਦੂਜੀ ਵਾਰ ਫਾਈਨਲ ਵਿਚ ਹਾਰਿਆ ਹੈ। ਭਾਰਤ ਲਈ ਬੁਮਰਾਹ ਨੇ ਦੋ ਵਿਕਟਾਂ ਲਈਆਂ ਜਦਕਿ ਸ਼ਮੀ ਅਤੇ ਸਿਰਾਜ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ। ਇਸ ਤੋਂ ਪਹਿਲਾਂ ਕੇ.ਐੱਲ ਰਾਹੁਲ ਦੀਆਂ 66 ਦੌੜਾਂ, ਵਿਰਾਟ ਕੋਹਲੀ ਦੀਆਂ 54 ਦੌੜਾਂ ਦੇ ਅਰਧ ਸੈਂਕੜੇ ਅਤੇ ਰੋਹਿਤ ਸ਼ਰਮਾ ਦੀਆਂ 47 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ 241 ਦੌੜਾਂ ਦਾ ਟੀਚਾ ਦਿੱਤਾ ਸੀ।

Add a Comment

Your email address will not be published. Required fields are marked *