ਵਿਦੇਸ਼ ਤੋਂ ਆਏ ਫ਼ੋਨ ਨੇ ਕੱਢਿਆ ਸੱਜ-ਵਿਆਹੀ ਦਾ ਤ੍ਰਾਹ

ਰੋਮ : ਦੀਵਾਲੀ ਵਾਲੀ ਰਾਤ ਹੋਈ ਅਣਹੋਣੀ ਦਾ ਦਰਦ ਸਬਾਊਦੀਆ (ਲਾਤੀਨਾ) ਇਲਾਕੇ ਦੇ ਭਾਰਤੀ ਹਾਲੇ ਭੁੱਲ ਨਹੀਂ ਸੀ ਸਕੇ ਕਿ ਅੱਜ ਇਕ ਹੋਰ ਕੁਦਰਤੀ ਕਹਿਰ ਵਿਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਮਾਤਮ ਛਾਅ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ ਰਾਕੇਸ਼ ਕੁਮਾਰ (35) ਸਾਈਕਲ ਉੱਪਰ ਕੰਮ ਲਈ ਜਾ ਰਿਹਾ ਸੀ ਕਿ ਮੀਲੀਆਰਾ ਨੰਬਰ 51 ਨੇੜੇ ਇਕ ਕਾਰ ਦੀ ਪਿੱਛਿਓਂ ਫੇਟ ਵੱਜਣ ਨਾਲ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ ਕੋਈ ਇਟਾਲੀਅਨ ਬਜ਼ੁਰਗ ਚਲਾ ਰਿਹਾ ਸੀ ਜਿਹੜਾ ਕਿ ਲਾਤੀਨਾ ਵਾਲੇ ਪਾਸੇ ਤੋਂ ਤੇਰਾਚੀਨਾ ਵੱਲ ਜਾ ਰਿਹਾ ਸੀ।

ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਸੁੱਰਖਿਆ ਕਰਮਚਾਰੀ ਤੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਨੇ ਤੁਰੰਤ ਹੈਲੀਕਾਪਟਰ ਵਾਲੀ ਐਂਬੂਲਸ ਰਾਹੀਂ ਗੰਭੀਰ ਜ਼ਖ਼ਮੀ ਰਾਕੇਸ਼ ਕੁਮਾਰ ਨੂੰ ਲਾਤੀਨਾ ਦੇ ਸਾਂਤਾ ਮਾਰੀਆ ਗੋਰੇਤੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ। ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਰਾਕੇਸ਼ ਕੁਮਾਰ ਅੱਜ ਦਮ ਤੋੜ ਗਿਆ। ਮ੍ਰਿਤਕ ਰਾਕੇਸ਼ ਕੁਮਾਰ ਪੁੱਤਰ ਗੁਰਦਿਆਲ ਸਿੰਘ ਪਿੰਡ ਭੰਗਲਾਂ ਮਹਿੰਦਪੁਰ ਤਹਿਸੀਲ ਨੰਗਲ ਡੈਮ ਜ਼ਿਲ੍ਹਾ ਰੂਪਨਗਰ ਨਾਲ ਸਬੰਧਤ ਸੀ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਕੁਮਾਰ ਹਾਲੇ 20 ਦਿਨ ਪਹਿਲਾਂ ਹੀ ਪੰਜਾਬ ਵਿਆਹ ਕਰਵਾ 11 ਨਵੰਬਰ ਇਟਲੀ ਵਾਪਸ ਆਇਆ ਸੀ। ਉਸ ਨੂੰ ਨਹੀਂ ਪਤਾ ਸੀ ਕਿ ਹੁਣ ਉਹ ਜਿਉਂਦਾ ਕਦੀ ਵੀ ਵਾਪਸ ਨਾ ਮਾਪਿਆਂ ਕੋਲ ਤੇ ਨਾ ਹੀ ਆਪਣੀ ਸੱਜ-ਵਿਆਹੀ ਚੂੜੇ ਵਾਲੀ ਕੋਲ ਵਾਪਸ ਜਾਵੇਗਾ। ਮ੍ਰਿਤਕ ਰਾਕੇਸ਼ ਕੁਮਾਰ ਘਰ ਦੀ ਗਰੀਬੀ ਦੂਰ ਕਰਨ ਕਰੀਬ 10 ਸਾਲ ਪਹਿਲਾਂ ਇਟਲੀ ਸ਼ਾਇਦ ਇਹੀ ਆਸ ਨਾਲ ਆਇਆ ਸੀ ਕਿ ਉਹ ਆਪਣੇ ਪਰਿਵਾਰ ਦਾ ਭੱਵਿਖ ਵਿਦੇਸ਼ ਵਿਚ ਬਿਹਤਰ ਬਣਾਏਗਾ ਪਰ ਨਹੀਂ ਪਤਾ ਸੀ ਕਿ ਬੁੱਢੇ ਮਾਪਿਆਂ ਨੂੰ ਸਦਾ ਵਾਸਤੇ ਬੇਸਹਾਰਾ ਕਰ ਜਾਵੇਗਾ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਛਾਅ ਗਈ ਹੈ।

Add a Comment

Your email address will not be published. Required fields are marked *