ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਐਂਟੀ-ਡਰੱਗਜ਼ ਸਾਈਕਲ ਰੈਲੀ

ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ 16 ਨਵੰਬਰ ਨੂੰ ਨਸ਼ਿਆਂ ਖ਼ਿਲਾਫ਼ ਹੋਣ ਜਾ ਰਹੀ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰੀ ਝੰਡੀ ਦਿਖਾਉਣਗੇ। ਇਸ ਦੀ ਪੁਸ਼ਟੀ ਕਰਦਿਆਂ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਐੱਮ ਮਾਨ ਦੇ ਨਾਲ-ਨਾਲ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵੀ ਖਾਸ ਤੌਰ ’ਤੇ ਰੈਲੀ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਐਂਟੀ-ਡਰੱਗਜ਼ ਮੈਗਾ ਸਾਈਕਲ ਰੈਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਹੋਵੇਗੀ।

ਸੀ.ਪੀ. ਮਨਦੀਪ ਸਿੱਧੂ ਨੇ ਦੱਸਿਆ ਕਿ ਇਸ ਸਾਈਕਲ ਰੈਲੀ ’ਚ ਕੋਈ ਵੀ ਹਿੱਸਾ ਲੈ ਸਕਦਾ ਹੈ, ਜੋ ਸਵੇਰੇ 7 ਵਜੇ ਪੀ.ਏ.ਯੂ. ਕੈਂਪਸ ਤੋਂ ਸ਼ੁਰੂ ਹੋਵੇਗੀ ਅਤੇ ਲਗਭਗ 13 ਕਿ.ਮੀ. ਦੀ ਦੂਰੀ ਤੈਅ ਕਰਕੇ ਉਸੇ ਜਗ੍ਹਾ ’ਤੇ ਖ਼ਤਮ ਹੋਵੇਗੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ, ਸ਼ਹੀਦ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ ਕਲਾਂ, ਹੁਸੈਨੀਵਾਲਾ, ਰਾਸ਼ਟਰੀ ਸ਼ਹੀਦੀ ਯਾਦਗਾਰ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਸੁਖਦੇਵ ਦੇ ਜੱਦੀ ਸਥਾਨਾਂ ਦੀ ਮਿੱਟੀ ਨੂੰ ਪੀ.ਏ.ਯੂ. ਕੰਪਲੈਕਸ ’ਚ ਲਿਆਂਦਾ ਜਾਵੇਗਾ। ਇਸ ਮਿੱਟੀ ’ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰੋਗਰਾਮ ’ਚ ਡਾਕਟਰ, ਉਦਯੋਗਪਤੀ, ਵਿਦਿਆਰਥੀ, ਨੌਜਵਾਨ ਕਲੱਬ, ਪਿੰਡਾਂ ਦੇ ਸਰਪੰਚਾਂ ਸਮੇਤ ਸਮਾਜ ਦੇ ਹਰ ਖੇਤਰ ਦੇ ਲੋਕ ਹਿੱਸਾ ਲੈਣਗੇ, ਜਿਸ ਨਾਲ ਇਹ ਨਸ਼ਾ ਵਿਰੋਧੀ ਮੁਹਿੰਮ ਇਕ ਲੋਕ ਸੰਘਰਸ਼ ’ਚ ਤਬਦੀਲ ਹੋ ਜਾਵੇਗੀ।

ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਤੋਂ ਬਾਅਦ ਇਕ ਲੱਕੀ ਡ੍ਰਾਅ ਕੱਢਿਆ ਜਾਵੇਗਾ ਅਤੇ 151 ਚੁਣੇ ਹੋਏ ਭਾਗੀਦਾਰਾਂ ਵਾਲਿਆਂ ਨੂੰ ਪ੍ਰੋਗਰਾਮ ਤੋਂ ਬਾਅਦ ਨਵੇਂ ਸਾਈਕਲ ਦਿੱਤੇ ਜਾਣਗੇ। ਇਸ ਰੈਲੀ ਨੂੰ ਸੁਚਾਰੂ ਤੌਰ ’ਤੇ ਚਲਾਉਣ ਲਈ ਵੱਖ-ਵੱਖ ਥਾਵਾਂ ’ਤੇ ਡਾਕਟਰਾਂ ਦੀਆਂ ਟੀਮਾਂ, ਐਂਬੂਲੈਂਸ ਆਦਿ ਤਾਇਨਾਤ ਕੀਤੀਆਂ ਗਈਆਂ ਹਨ। ਹਿੱਸਾ ਲੈਣ ਵਾਲਿਆਂ ਨੂੰ ਰਸਤੇ ’ਚ ਜੂਸ ਦੇ ਪੈਕ ਵੀ ਮਿਲਣਗੇ। ਉਨ੍ਹਾਂ ਲੁਧਿਆਣਾ ਦੇ ਲੋਕਾਂ ਤੋਂ ਇਸ ਰੈਲੀ ਨੂੰ ਸੂਬੇ ਭਰ ’ਚ ਸਫਲ ਬਣਾਉਣ ਲਈ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਰੈਲੀ ’ਚ ਕੋਈ ਵੀ ਬਿਨਾਂ ਰਜਿਸਟ੍ਰੇਸ਼ਨ ਦੇ ਹਿੱਸਾ ਲੈ ਸਕਦਾ ਹੈ।

Add a Comment

Your email address will not be published. Required fields are marked *