ਬੋਰਵੈੱਲ ’ਚ ਡਿੱਗਣ ਨਾਲ 80 ਸਾਲਾ ਗੂੰਗੀ-ਬੋਲੀ ਔਰਤ ਦੀ ਮੌਤ

ਭੁਵਨੇਸ਼ਵਰ- ਓਡਿਸ਼ਾ ਦੇ ਸੋਨਪੁਰ ਜ਼ਿਲੇ ਵਿਚ ਇਕ 80 ਸਾਲਾ ਗੂੰਗੀ-ਬੋਲੀ ਔਰਤ ਦੀ ਬੋਰਵੈੱਲ ’ਚ ਡਿੱਗਣ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਔਰਤ ਦੀ ਪਛਾਣ ਦੁਖੀ ਨੇਗੀ ਵਜੋਂ ਹੋਈ ਹੈ। 5 ਘੰਟਿਆਂ ਦੇ ਬਚਾਅ ਕਾਰਜਾਂ ਤੋਂ ਬਾਅਦ ਉਸ ਨੂੰ 20 ਫੁੱਟ ਡੂੰਘੇ ਬੋਰਵੈੱਲ ਵਿੱਚੋਂ ਗੰਭੀਰ ਹਾਲਤ ਵਿੱਚ ਬਾਹਰ ਕੱਢਿਆ ਗਿਆ। ਹਸਪਤਾਲ ਲਿਆਂਦੇ ਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਬਜ਼ੁਰਗ ਔਰਤ ਸੋਮਵਾਰ ਸ਼ਾਮ ਨੂੰ ਸਦਰ ਬਲਾਕ ਦੇ ਕੈਨਫੁਲਾ ਪਿੰਡ ਨੇੜੇ ਇੱਕ ਜੰਗਲੀ ਖੇਤਰ ਵਿੱਚ ਬੋਰਵੈੱਲ ’ਚ ਫਿਸਲ ਕੇ ਡਿੱਗ ਗਈ ਸੀ। ਸਥਾਨਕ ਲੋਕਾਂ ਨੇ ਸਾਰੀ ਰਾਤ ਉਸ ਦੀ ਭਾਲ ਕੀਤੀ। ਮੰਗਲਵਾਰ ਸਵੇਰੇ ਇੱਕ ਬੋਰਵੈੱਲ ’ਚ ਉਸ ਦੇ ਡਿੱਗੇ ਹੋਣ ਦਾ ਪਤਾ ਲਗਾ, ਜਿਸ ਪਿੱਛੋਂ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਗੰਭੀਰ ਹਾਲਤ ’ਚ ਬੋਰਵੈੱਲ ’ਚੋਂ ਬਾਹਰ ਕੱਢਣ ਤੋਂ ਬਾਅਦ ਉਸ ਨੂੰ ਸੋਨਪੁਰ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੋਨਪੁਰ ਹਲਕੇ ਤੋਂ ਵਿਧਾਇਕ ਅਤੇ ਸੂਬੇ ਦੇ ਸਿਹਤ ਮੰਤਰੀ ਨਿਰੰਜਨ ਪੁਜਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਕਰਵਾਈ ਜਾਵੇਗੀ।

Add a Comment

Your email address will not be published. Required fields are marked *