ਕੋਹਲੀ ਦੇ 50ਵੇਂ ਸੈਂਕੜੇ ਦੀ ਖ਼ੁਸ਼ੀ ‘ਚ ਦੁਕਾਨਦਾਰ ਨੇ ਮੁਫ਼ਤ ਵੰਡੀ ਬਰਿਆਨੀ

ਬਹਰਾਈਚ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੀਤੇ ਦਿਨ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਵਿਸ਼ਵ ਕੱਪ 2023 ਦਾ ਸੈਮੀਫਾਈਨਲ ਮੈਚ ਖੇਡਿਆ ਗਿਆ। ਇਸ ਮੈਚ ‘ਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਟੀਮ ਹੁਣ ਫਾਈਨਲ ‘ਚ ਪਹੁੰਚ ਗਈ ਹੈ। ਮੈਚ ‘ਚ ਵਿਰਾਟ ਕੋਹਲੀ ਨੇ ਆਪਣਾ 50ਵਾਂ ਵਨਡੇ ਸੈਂਕੜਾ ਜੜਿਆ। ਇਸ ਸੈਂਕੜੇ ਤੋਂ ਬਾਅਦ ਯੂ.ਪੀ. ਦੇ ਬਹਰਾਈਚ ਸਥਿਤ ਇਕ ਰੈਸਟੋਰੈਂਟ ‘ਚ ਜ਼ਬਰਦਸਤ ਭੀੜ ਇਕੱਠੀ ਹੋ ਗਈ। ਹਾਲਾਤ ਅਜਿਹੇ ਹੋ ਗਏ ਕਿ ਲੋਕਾਂ ਨੂੰ ਸੰਭਾਲਣ ਲਈ ਪੁਲਸ ਬੁਲਾਉਣੀ ਪਈ। ਫਿਰ ਵੀ ਲੋਕ ਨਹੀਂ ਮੰਨੇ। ਅਖੀਰ ‘ਚ ਰੈਸਟੋਰੈਂਟ ਦਾ ਸ਼ਟਰ ਹੀ ਬੰਦ ਕਰਨਾ ਪਿਆ। ਆਓ ਜਾਣਦੇ ਹਾਂ ਕਿ ਆਖ਼ਿਰ ਅਜਿਹਾ ਕੀ ਹੋਇਆ। 

ਦਰਅਸਲ, ਮੈਚ ਤੋਂ ਪਹਿਲਾਂ ਰੈਸਟੋਰੈਂਟ ਸੰਚਾਲਕ ਨੇ ਐਲਾਨ ਕੀਤਾ ਸੀ ਕਿ ਵਿਰਾਟ ਕੋਹਲੀ ਜਿੰਨੀਆਂ ਦੌੜਾਂ ਬਣਾਉਣਗੇ, ਉਹ ਬਰਿਆਨੀ ‘ਤੇ ਓਨੀ ਫੀਸਦੀ ਦਾ ਡਿਸਕਾਊਂਟ ਦੇਵੇਗਾ। ਫਿਰ ਕੀ, ਮੈਚ ‘ਚ ਕੋਹਲੀ ਨੇ ਸੈਂਕੜਾ ਲਗਾ ਦਿੱਤਾ। ਅਜਿਹੇ ‘ਚ ‘ਲਖਨਵੀ ਰਸੋਈ’ ਨਾਂ ਦੇ ਰੈਸਟੋਰੈਂਟ ਸੰਚਾਲਕ ਨੂੰ 100 ਫੀਸਦੀ ਡਿਸਕਾਊਂਟ ਯਾਨੀ ਮੁਫ਼ਤ ‘ਚ ਬਰਿਆਨੀ ਖੁਆਉਣੀ ਪਈ। ਮੁਫ਼ਤ ਬਰਿਆਨੀ ਮਿਲਦੀ ਦੇਖ ਗਾਹਕ ਟੁੱਟ ਕੇ ਪੈ ਗਏ। ਦੇਖਦੇ ਹੀ ਦੇਖਦੇ ਰੈਸਟੋਰੈਂਟ ਦੇ ਬਾਹਰ ਸੈਂਕੜੇ ਲੋਕ ਇਕੱਠੇ ਹੋ ਗਏ। ਸੜਕ ‘ਤੇ ਜਾਮ ਲੱਗ ਗਿਆ। 

ਅਜਿਹੇ ‘ਚ ਭੀੜ ਨੂੰ ਕੰਟਰੋਲ ਕਰਨ ਲਈ ਲਖਨਵੀ ਰਸੋਈ ਦੇ ਬਾਹਰ ਪੁਲਸ ਨੂੰ ਮੋਰਚਾ ਸੰਭਾਲਣਾ ਪਿਆ ਪਰ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਅਨੁਮਾਨ ਤੋਂ ਵੱਧ ਭੀੜ ਹੋਣ ਕਾਰਨ ਮਜ਼ਬੂਰ ਹੋ ਕੇ ਰੈਸਟੋਰੈਂਟ ਦਾ ਗੇਟ ਬੰਦ ਕਰਨਾ ਪਿਆ। ਲਖਨਵੀ ਰਸੋਈ ਨਾਨਵੈੱਜ ਰੈਸਟੋਰੈਂਟ ਦੇ ਸੰਚਾਲਕ ਸ਼ੋਏਬ ਨੇ ਕਿਹਾ ਕਿ ਮੈਂ ਵਾਅਦੇ ਮੁਤਾਬਕ, ਗਾਹਕਾਂ ਨੂੰ ਮੁਫ਼ਤ ਬਰਿਆਨੀ ਖਵਾਈ ਪਰ ਉਮੀਦ ਤੋਂ ਜ਼ਿਆਦਾ ਲੋਕ ਆ ਗਏ। ਸ਼ੋਏਬ ਦਾ ਰੈਸਟੋਰੈਂਟ ਬਹਰਾਈਚ ਦੇ ਕੋਤਵਾਲੀ ਦੇਹਾਤ ਥਾਣਾ ਖੇਤਰ ਦੇ ਰੋਡਵੇਜ ਬੱਸ ਸਟੈਂਡ ਜਾਣ ਵਾਲੇ ਰਸਤੇ ‘ਤੇ ਸਥਿਤ ਹੈ। ਜਦੋਂ ਵਿਰਾਟ ਨੇ ਆਪਣਾ 50ਵਾਂ ਸੈਂਕੜਾ ਲਗਾਇਆ ਤਾਂ ਰੈਸਟੋਰੈਂਟ ਸੰਚਾਲਕ ਨੇ ਬਿਨਾਂ ਦੇਰੀ ਕੀਤੇ ਮੁਫ਼ਤ ‘ਚ ਬਰਿਆਨੀ ਵੰਡ ਕੇ ਆਪਣਾ ਵਾਅਦਾ ਪੂਰਾ ਕੀਤਾ। 

Add a Comment

Your email address will not be published. Required fields are marked *