ਸਹਾਰਾ ਗਰੁੱਪ ਦੇ ਸੰਸਥਾਪਕ ਸੁਬਰਤ ਰਾਏ ਦਾ ਮੁੰਬਈ ‘ਚ ਦਿਹਾਂਤ

ਸਹਾਰਾ ਗਰੁੱਪ ਦੇ ਸੰਸਥਾਪਕ ਸੁਬਰਤ ਰਾਏ ਦਾ 75 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲੰਬੀ ਬਿਮਾਰੀ ਤੋਂ ਬਾਅਦ ਅੱਜ ਮੁੰਬਈ ਦੇ ਇਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਲਖਨਊ ਵਿੱਚ ਕੀਤਾ ਜਾਵੇਗਾ। ਅਖਿਲੇਸ਼ ਯਾਦਵ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਨਿੱਜੀ ਘਾਟਾ ਦੱਸਿਆ। ਸੁਬਰਤ ਰਾਏ ਮਰਹੂਮ ਸੁਧਾਰੀ ਚੰਦ ਰਾਏ ਦੇ ਬੇਟੇ ਸਨ। ਉਨ੍ਹਾਂ ਦਾ ਜਨਮ 10 ਜੂਨ 1948 ਨੂੰ ਅਰਰੀਆ (ਬਿਹਾਰ) ਵਿੱਚ ਇਕ ਉੱਚ ਮੱਧਵਰਗੀ ਪਰਿਵਾਰ ‘ਚ ਹੋਇਆ ਸੀ। ਸੁਬਰਤ ਰਾਏ ਹਮੇਸ਼ਾ ਪੜ੍ਹਾਈ ਵਿੱਚ ਬਹੁਤ ਚੰਗੇ ਸਨ। ਉਨ੍ਹਾਂ ਸਰਕਾਰੀ ਤਕਨੀਕੀ ਸੰਸਥਾਨ ਗੋਰਖਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ। ਉਨ੍ਹਾਂ ਬਿਜ਼ਨੈੱਸ ਦੀ ਸ਼ੁਰੂਆਤ ਗੋਰਖਪੁਰ ਤੋਂ ਹੀ ਕੀਤੀ ਸੀ।

1992 ਵਿੱਚ ਸਹਾਰਾ ਗਰੁੱਪ ਨੇ ਰਾਸ਼ਟਰੀ ਸਹਾਰਾ ਨਾਂ ਦਾ ਅਖ਼ਬਾਰ ਕੱਢਿਆ ਸੀ। ਇਸ ਤੋਂ ਇਲਾਵਾ ਕੰਪਨੀ ਨੇ ‘ਸਹਾਰਾ ਟੀਵੀ’ ਨਾਂ ਦਾ ਆਪਣਾ ਟੀਵੀ ਚੈਨਲ ਵੀ ਲਾਂਚ ਕੀਤਾ ਸੀ। ਦੱਸ ਦੇਈਏ ਕਿ ਕੰਪਨੀ ਮੀਡੀਆ, ਰੀਅਲ ਅਸਟੇਟ, ਫਾਈਨਾਂਸ ਸਮੇਤ ਕਈ ਖੇਤਰਾਂ ਵਿੱਚ ਕੰਮ ਕਰ ਰਹੀ ਹੈ। ਸਹਾਰਾ ਗਰੁੱਪ ਦੀ ਸਥਾਪਨਾ ਤੋਂ ਪਹਿਲਾਂ ਉਨ੍ਹਾਂ ਕੋਲ ਰੀਅਲ ਅਸਟੇਟ ਦਾ 18 ਸਾਲ ਦਾ ਤਜਰਬਾ ਸੀ ਅਤੇ 32 ਸਾਲ ਦਾ ਵਪਾਰਕ ਤਜਰਬਾ ਸੀ। ਉਨ੍ਹਾਂ ਦਾ ਵਿਆਹ ਸਵਪਨਾ ਰਾਏ ਨਾਲ ਹੋਇਆ ਸੀ ਤੇ ਉਨ੍ਹਾਂ ਦੇ 2 ਬੇਟੇ ਹਨ।

ਸਹਾਰਾ ਇੰਡੀਆ ਵੱਲੋਂ ਹੁਣ ਤੱਕ ਦਿੱਤੀ ਗਈ ਜਾਣਕਾਰੀ ਅਨੁਸਾਰ ਸੁਬਰਤ ਰਾਏ ਮੈਟਾਸਟੈਟਿਕ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਤੋਂ ਪੀੜਤ ਸਨ। ਇਨ੍ਹਾਂ ਤਿੰਨਾਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਕਈ ਹੋਰ ਬੀਮਾਰੀਆਂ ਨੇ ਵੀ ਘੇਰ ਲਿਆ ਸੀ। 14 ਨਵੰਬਰ ਦੀ ਰਾਤ 10:30 ਵਜੇ ਦਿਲ ਦੀ ਧੜਕਣ ਬੰਦ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ 2 ਦਿਨ ਪਹਿਲਾਂ 12 ਨਵੰਬਰ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

Add a Comment

Your email address will not be published. Required fields are marked *