ਭਾਰਤ ਦੀ ਸਰਗਮ ਕੌਸ਼ਲ ਨੇ ਜਿੱਤਿਆ ‘ਮਿਸਿਜ਼ ਵਰਲਡ 2022’ ਦਾ ਖ਼ਿਤਾਬ

ਨਵੀਂ ਦਿੱਲੀ, 18 ਦਸੰਬਰ-: ਭਾਰਤ ਦੀ ਸਰਗਮ ਕੌਸ਼ਲ ਨੂੰ ‘ਮਿਸਿਜ਼ ਵਰਲਡ 2022’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਉਸ ਨੇ 63 ਦੇਸ਼ਾਂ ਦੀਆਂ ਮਹਿਲਾ ਮੁਕਾਬਲਾਕਾਰੀਆਂ ਨੂੰ ਮਾਤ ਦੇ ਕੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ ਅਤੇ 21 ਵਰ੍ਹਿਆਂ ਮਗਰੋਂ ਮਿਸਿਜ਼ ਵਰਲਡ ਦਾ ਖ਼ਿਤਾਬ ਮੁੜ ਭਾਰਤ ਦੀ ਝੋਲੀ ਪਿਆ ਹੈ। ਇਸ ਖ਼ਿਤਾਬ ਲਈ ਫਾਈਨਲ ਮੁਕਾਬਲਾ ਸ਼ਨਿਚਰਵਾਰ ਦੀ ਸ਼ਾਮ ਨੂੰ ਵੈਸਟਗੇਟ ਲਾਸ ਵੇਗਸ ਰਿਜ਼ੋਰਟ ਤੇ ਕੈਸੀਨੋ ਵਿੱਚ ਕਰਵਾਇਆ ਗਿਆ ਸੀ ਅਤੇ ਮਿਸਿਜ਼ ਵਰਲਡ 2021 ਸ਼ੈਲਿਨ ਫੋਰਡ ਨੇ ਮੁੰਬਈ ਦੀ ਰਹਿਣ ਵਾਲੀ ਸਰਗਮ ਕੌਸ਼ਲ ਨੂੰ ਕਰਾਊਨ ਪਹਿਨਾਇਆ। ਇਸੇ ਦੌਰਾਨ ਮਿਸਿਜ਼ ਪੋਲੀਨੇਸ਼ੀਆ ਨੂੰ ਪਹਿਲੀ ਰਨਰ-ਅੱਪ ਅਤੇ ਮਿਸਿਜ਼ ਕੈਨੇਡਾ ਨੂੰ ਦੂਜੀ ਰਨਰ-ਅੱਪ ਐਲਾਨਿਆ ਗਿਆ ਹੈ।

ਸਰਗਮ ਕੌਸ਼ਲ ਨੇ ‘ਮਿਸਿਜ਼ ਵਰਲਡ 2022’ ਦਾ ਖ਼ਿਤਾਬ ਜਿੱਤਣ ਬਾਰੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਪੇਜ ’ਤੇ ਅਧਿਕਾਰਤ ਤੌਰ ’ਤੇ ਐਲਾਨ ਕੀਤਾ। ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਦੀ ਵਸਨੀਕ ਸਰਗਮ ਨੇ ਵੀਡੀਓ ਸੁਨੇਹੇ ਵਿੱਚ ਕਿਹਾ, ‘ਲੰਬੀ ਉਡੀਕ ਖ਼ਤਮ ਹੋਈ ਤੇ 21 ਸਾਲਾਂ ਮਗਰੋਂ ਖ਼ਿਤਾਬ ਮੁੜ ਭਾਰਤ ਦੇ ਨਾਂ ਹੋਇਆ ਹੈ। ਇਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਲਵ ਯੂ ਇੰਡੀਆ, ਲਵ ਯੂ ਵਰਲਡ।’

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਰ੍ਹਾ 2001 ਵਿੱਚ ਭਾਰਤੀ ਅਦਾਕਾਰਾ ਤੇ ਮਾਡਲ ਅਦਿਤੀ ਗੋਵਿਤਰੀਕਰ ਨੇ ‘ਮਿਸਿਜ਼ ਵਰਲਡ’ ਦਾ ਖ਼ਿਤਾਬ ਹਾਸਲ ਕੀਤਾ ਸੀ। ਉਸ ਨੇ ਸਰਗਮ ਕੌਸ਼ਲ ਨੂੰ ਇਸ ਅਹਿਮ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਗੋਵਿਤਰੀਕਰ ਨੇ ਸਰਗਮ ਨੂੰ ਸੋਸ਼ਲ ਮੀਡੀਆ ’ਤੇ ਦਿੱਤੇ ਸੁਨੇਹੇ ਵਿੱਚ ਲਿਖਿਆ, ‘ਸਰਗਮ ਨੂੰ ਦਿਲੋਂ ਵਧਾਈ। 21 ਸਾਲਾਂ ਮਗਰੋਂ ਸਮਾਂ ਆਇਆ ਹੈ ਕਿ ਕਰਾਊਨ ਮੁੜ ਭਾਰਤ ਦੇ ਨਾਂ ਹੋਇਆ ਹੈ।’ ਮੁਕਾਬਲੇ ਦੇ ਫਾਈਨਲ ਰਾਊਂਡ ਵਿੱਚ ਸਰਗਮ ਨੇ ਗੁਲਾਬੀ ਰੰਗ ਦਾ ਡਿਜ਼ਾਈਨਰ ਗਾਊਨ ਪਹਿਨਿਆ ਹੋਇਆ ਸੀ ਜਿਸ ਨੂੰ ਭਾਵਨਾ ਰਾਓ ਨੇ ਡਿਜ਼ਾਈਨ ਕੀਤਾ ਸੀ। ਕਾਬਿਲੇਗੌਰ ਹੈ ਕਿ ਵਿਆਹੁਤਾ ਔਰਤਾਂ ਦਾ ਕਰਵਾਇਆ ਜਾਂਦਾ ‘ਮਿਸਿਜ਼ ਵਰਲਡ’ ਮੁਕਾਬਲਾ 1984 ਤੋਂ ਸ਼ੁਰੂ ਹੋਇਆ ਸੀ। 

Add a Comment

Your email address will not be published. Required fields are marked *