ਬੀਕਾਨੇਰਵਾਲਾ ਦੇ ਚੇਅਰਮੈਨ ਕੇਦਾਰਨਾਥ ਅਗਰਵਾਲ ਦਾ ਦਿਹਾਂਤ

ਨਵੀਂ ਦਿੱਲੀ : ਬੀਕਾਨੇਰਵਾਲਾ ਦੀ ਮਸ਼ਹੂਰ ਮਿਠਾਈ ਅਤੇ ਨਮਕੀਨ ਚੇਨ ਦੇ ਸੰਸਥਾਪਕ ਲਾਲਾ ਕੇਦਾਰਨਾਥ ਅਗਰਵਾਲ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਬੀਕਾਨੇਰ ਦੇ ਚੇਅਰਮੈਨ ਅਗਰਵਾਲ ਸ਼ੁਰੂ ਵਿੱਚ ਪੁਰਾਣੀ ਦਿੱਲੀ ਵਿੱਚ ਭੁਜੀਆ ਅਤੇ ਰਸਗੁੱਲੇ ਟੋਕਰੀਆਂ ਵਿੱਚ ਵੇਚਦੇ ਸਨ।

ਬੀਕਾਨੇਰਵਾਲਾ ਨੇ ਬਿਆਨ ‘ਚ ਕਿਹਾ ਕਿ ‘ਕਾਕਾਜੀ’ ਦੇ ਨਾਂ ਨਾਲ ਮਸ਼ਹੂਰ ਅਗਰਵਾਲ ਦਾ ਦੇਹਾਂਤ ਇਕ ਅਜਿਹੇ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ ਜਿਸ ਨੇ ਸੁਆਦ ਨੂੰ ਨਿਖਾਰਿਆ ਅਤੇ ਅਣਗਿਣਤ ਲੋਕਾਂ ਦੇ ਜੀਵਨ ‘ਚ ਆਪਣੀ ਜਗ੍ਹਾ ਬਣਾਈ। ਭਾਰਤ ਵਿੱਚ ਬੀਕਾਨੇਰਵਾਲਾ ਦੀਆਂ 60 ਤੋਂ ਵੱਧ ਦੁਕਾਨਾਂ ਹਨ ਅਤੇ ਇਹ ਅਮਰੀਕਾ, ਨਿਊਜ਼ੀਲੈਂਡ, ਸਿੰਗਾਪੁਰ, ਨੇਪਾਲ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਰਗੇ ਦੇਸ਼ਾਂ ਵਿੱਚ ਵੀ ਮੌਜੂਦ ਹੈ।

ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼ਿਆਮ ਸੁੰਦਰ ਅਗਰਵਾਲ ਨੇ ਕਿਹਾ, “ਕਾਕਾਜੀ ਦਾ ਜਾਣਾ ਸਿਰਫ਼ ਬੀਕਾਨੇਰਵਾਲਾ ਲਈ ਘਾਟਾ ਨਹੀਂ ਹੈ ਸਗੋਂ ਇਹ ਰਸੋਈ ਲੈਂਡਸਕੇਪ ਵਿੱਚ ਇੱਕ ਖਾਲੀ ਥਾਂ ਹੈ। ਉਸ ਦੀ ਦ੍ਰਿਸ਼ਟੀ ਅਤੇ ਅਗਵਾਈ ਹਮੇਸ਼ਾ ਸਾਡੀ ਰਸੋਈ ਯਾਤਰਾ ਦਾ ਮਾਰਗਦਰਸ਼ਨ ਕਰੇਗੀ।” ਕੇਦਾਰਨਾਥ ਅਗਰਵਾਲ ਨੇ ਆਪਣਾ ਕਾਰੋਬਾਰੀ ਸਫ਼ਰ ਦਿੱਲੀ ਤੋਂ ਸ਼ੁਰੂ ਕੀਤਾ ਸੀ। ਬੀਕਾਨੇਰ ਦੇ ਰਹਿਣ ਵਾਲੇ ਉਸਦੇ ਪਰਿਵਾਰ ਦੀ 1905 ਤੋਂ ਸ਼ਹਿਰ ਦੀਆਂ ਗਲੀਆਂ ਵਿੱਚ ਇੱਕ ਮਿਠਾਈ ਦੀ ਦੁਕਾਨ ਸੀ। ਉਸ ਦੁਕਾਨ ਦਾ ਨਾਮ ਬੀਕਾਨੇਰ ਨਮਕੀਨ ਭੰਡਾਰ ਸੀ ਅਤੇ ਉਹ ਕੁਝ ਕਿਸਮ ਦੀਆਂ ਮਠਿਆਈਆਂ ਅਤੇ ਨਮਕੀਨ ਵੇਚਦੇ ਸਨ।

ਅਗਰਵਾਲ ਵੱਡੀਆਂ ਇੱਛਾਵਾਂ ਦੇ ਨਾਲ 1950 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਆਪਣੇ ਭਰਾ ਸਤਿਆਨਾਰਾਇਣ ਅਗਰਵਾਲ ਦੇ ਨਾਲ ਦਿੱਲੀ ਆ ਗਏ। ਉਹ ਆਪਣੇ ਪਰਿਵਾਰ ਦੇ ਨੁਖ਼ਸੇ ਲੈ ਕੇ ਆਏ ਸੀ। ਸ਼ੁਰੂ ਵਿਚ ਦੋਵੇਂ ਭਰਾ ਭੁਜੀਆ ਅਤੇ ਰਸਗੁੱਲੇ ਨਾਲ ਭਰੀਆਂ ਬਾਲਟੀਆਂ ਚੁੱਕ ਕੇ ਪੁਰਾਣੀ ਦਿੱਲੀ ਦੀਆਂ ਸੜਕਾਂ ‘ਤੇ ਵੇਚਦੇ ਸਨ। ਹਾਲਾਂਕਿ, ਅਗਰਵਾਲ ਭਰਾਵਾਂ ਦੀ ਸਖ਼ਤ ਮਿਹਨਤ ਅਤੇ ਬੀਕਾਨੇਰ ਦੇ ਵਿਲੱਖਣ ਸੁਆਦ ਨੇ ਛੇਤੀ ਹੀ ਦਿੱਲੀ ਦੇ ਲੋਕਾਂ ਵਿੱਚ ਮਾਨਤਾ ਅਤੇ ਸਵੀਕਾਰਤਾ ਪ੍ਰਾਪਤ ਕਰ ਲਈ। ਇਸ ਤੋਂ ਬਾਅਦ ਅਗਰਵਾਲ ਭਰਾਵਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਇੱਕ ਦੁਕਾਨ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਨੇ ਆਪਣੇ ਪਰਿਵਾਰਕ ਨੁਸਖੇ ਨੂੰ ਅਪਣਾਇਆ, ਜੋ ਹੁਣ ਪੀੜ੍ਹੀ ਦਰ ਪੀੜ੍ਹੀ ਚਲਦਾ ਜਾ ਰਿਹਾ ਹੈ।

Add a Comment

Your email address will not be published. Required fields are marked *