ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਡੀਪਫੇਕ ਵੀਡੀਓ ਨੇ ਮਚਾਇਆ ਹੰਗਾਮਾ

ਮੁੰਬਈ – ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਇਕ ਡੀਪਫੇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਇਹ ਕਿਸੇ ਹੋਰ ਕੁੜੀ ਦੀ ਵੀਡੀਓ ਹੈ, ਜਿਸ ਨੂੰ ਐਡਿਟ ਕੀਤਾ ਗਿਆ ਹੈ ਤੇ ਇਸ ’ਚ ਰਸ਼ਮਿਕਾ ਮੰਦਾਨਾ ਦਾ ਚਿਹਰਾ ਲਗਾਇਆ ਗਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਡੀਪਫੇਕ ਨੂੰ ਲੈ ਕੇ ਚਰਚਾ ਵੀ ਸ਼ੁਰੂ ਹੋ ਗਈ ਹੈ ਕਿਉਂਕਿ ਇਹ ਵੀਡੀਓ ਡੀਪਫੇਕ ਦੀ ਮਿਸਾਲ ਹੈ। ਹਾਲਾਂਕਿ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਅਸਲੀ ਨਹੀਂ ਹੈ ਪਰ ਹੋਰ ਡੀਪਫੇਕ ਵੀਡੀਓਜ਼ ਨੂੰ ਆਮ ਤੌਰ ’ਤੇ ਫੜਨਾ ਬਹੁਤ ਮੁਸ਼ਕਿਲ ਹੈ।

ਡੀਪਫੇਕ ਕੋਈ ਨਵਾਂ ਸ਼ਬਦ ਨਹੀਂ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਡੀਪਫੇਕ ਦੇ ਜ਼ਰੀਏ ਲੋਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਤੱਕ ਪਹੁੰਚ ਆਸਾਨ ਹੋ ਗਈ ਹੈ। ਡੀਪਫੇਕ ਸਮੱਗਰੀ ਲਈ ਸਿਰਫ਼ AI ਦੀ ਵਰਤੋਂ ਕੀਤੀ ਜਾਂਦੀ ਹੈ। ਖ਼ਾਸ ਤੌਰ ’ਤੇ ਘੁਟਾਲੇ ਕਰਨ ਵਾਲੇ ਲੋਕਾਂ ਨੂੰ ਬਲੈਕਮੇਲ ਕਰਨ ਲਈ ਡੀਪਫੇਕ ਦੀ ਵਰਤੋਂ ਕਰ ਰਹੇ ਹਨ।

ਸੱਜੇ ਪਾਸੇ ਅਸਲੀ ਵੀਡੀਓ ਦਾ ਸਕ੍ਰੀਨਸ਼ਾਟ ਹੈ, ਜਦਕਿ ਖੱਬੇ ਪਾਸੇ ਵਾਲਾ ਡੀਪਫੇਕ ਵੀਡੀਓ ਦਾ ਸਕ੍ਰੀਨਸ਼ਾਟ ਹੈ। ਇਸ ਵੀਡੀਓ ’ਚ ਚਿਹਰੇ ਨੂੰ ਇਸ ਤਰ੍ਹਾਂ ਐਡਿਟ ਕੀਤਾ ਗਿਆ ਹੈ ਕਿ ਇਹ ਅਸਲੀ ਵਰਗਾ ਹੀ ਦਿਖਾਈ ਦਿੰਦਾ ਹੈ ਪਰ ਵੀਡੀਓ ’ਚ ਲਿਪ ਸਿੰਕ ਗਲਤ ਹੈ ਤੇ ਇਸ ਕਾਰਨ ਇਸ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਇਕ ਫਰਜ਼ੀ ਵੀਡੀਓ ਹੈ।

ਕਈ ਸਰਕਾਰੀ ਅਧਿਕਾਰੀਆਂ ਨੇ ਐਕਸ ’ਤੇ ਪੋਸਟ ਕਰਕੇ ਡੀਪਫੇਕ ਨਾਲ ਲੜਨ ਲਈ ਸਿਸਟਮ ਤਿਆਰ ਕਰਨ ਦੀ ਗੱਲ ਆਖੀ ਹੈ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਡੀਪਫੇਕ ਨਾਲ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਅਜਿਹੇ AI ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੈ। ਡੀਪਫੇਕ ਸ਼ਬਦ ਡੀਪ ਲਰਨਿੰਗ ਤੋਂ ਆਇਆ ਹੈ। ਡੀਪ ਲਰਨਿੰਗ ਮਸ਼ੀਨ ਲਰਨਿੰਗ ਦਾ ਇਕ ਹਿੱਸਾ ਹੈ। ਨਾਮ ’ਚ ਡੀਪ ਹੈ, ਜਿਸ ਦਾ ਅਰਥ ਹੈ ਕਈ ਪਰਤਾਂ ਤੇ ਇਹ ਆਰਟੀਫੀਸ਼ੀਅਲ ਨਿਊਰਲ ਨੈੱਟਵਰਕ ’ਤੇ ਆਧਾਰਿਤ ਹੈ। ਇਸ ਐਲਗੋਰਿਦਮ ’ਚ ਨਕਲੀ ਸਮੱਗਰੀ ਨੂੰ ਬਹੁਤ ਸਾਰਾ ਡਾਟਾ ਦਾਖ਼ਲ ਕਰਕੇ ਅਸਲ ਸਮੱਗਰੀ ’ਚ ਬਦਲਿਆ ਜਾਂਦਾ ਹੈ।

ਇਨ੍ਹੀਂ ਦਿਨੀਂ ਕਈ ਡੀਪਫੇਕ ਐਪਸ ਪਲੇਅ ਸਟੋਰ ਤੇ ਐਪ ਸਟੋਰ ’ਤੇ ਉਪਲੱਬਧ ਹਨ। ਹਾਲਾਂਕਿ ਇਹ ਐਪਸ ਡੀਪਫੇਕ ਬਣਾਉਣ ਦਾ ਦਾਅਵਾ ਨਹੀਂ ਕਰਦੇ ਹਨ ਪਰ ਇਹ ਐਪਸ ਤਸਵੀਰਾਂ ਦੇ ਸਮੀਕਰਨ ਨੂੰ ਬਦਲਦੇ ਹਨ, ਕਿਸੇ ਦੇ ਚਿਹਰੇ ਨੂੰ ਹਟਾਉਂਦੇ ਹਨ ਤੇ ਕਿਸੇ ਹੋਰ ਨੂੰ ਪਾਉਂਦੇ ਹਨ, ਸਰੀਰ ਦਾ ਆਕਾਰ ਬਦਲਦੇ ਹਨ ਤੇ ਵੀਡੀਓ ਸਮੱਗਰੀ ’ਚ ਕਿਸੇ ਹੋਰ ਵਿਅਕਤੀ ਦੀ ਆਵਾਜ਼ ਵੀ ਜੋੜਦੇ ਹਨ।

Add a Comment

Your email address will not be published. Required fields are marked *