ਉਪ ਰਾਜਪਾਲ ਨੇ ਅਰਵਿੰਦ ਕੇਜਰੀਵਾਲ ‘ਤੇ ਸੰਵਿਧਾਨਕ ਕਰਤੱਵਾਂ ਤੋਂ ਭੱਜਣ ਦਾ ਦੋਸ਼ ਲਗਾਇਆ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ ‘ਚ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਮੰਤਰੀਆਂ ‘ਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਅਤੇ ਸੰਵਿਧਾਨਕ ਫਰਜ਼ਾਂ ਤੋਂ ਭੱਜਣ ਦਾ ਦੋਸ਼ ਲਾਇਆ ਹੈ। 7 ਅਕਤੂਬਰ ਨੂੰ ਲਿਖੇ ਪੱਤਰ ‘ਚ ਸਕਸੈਨਾ ਨੇ ਕੇਜਰੀਵਾਲ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ‘ਭਾਸ਼ਣ ਅਤੇ ਇਸ਼ਤਿਹਾਰ’ ‘ਤੇ ਆਧਾਰਿਤ ਸ਼ਾਸਨ ਬੁਨਿਆਦੀ ਜਨਤਕ ਹਿੱਤਾਂ ਤੋਂ ਵੱਖਰਾ ਹੈ। ਸਕਸੈਨਾ ਦਾ ਪੱਤਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਕੰਮਕਾਜ ‘ਚ ਦਖ਼ਲ ਦੇਣ ਅਤੇ ਉਸ ਦੇ ਫ਼ੈਸਲਿਆਂ ਦੀ ‘ਅਸੰਵਿਧਾਨਕ ਤੌਰ ‘ਤੇ’ ਜਾਂਚ ਬਿਠਾਉਣ ਦਾ ਦੋਸ਼ ਲਗਾਏ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ। ਸਕਸੈਨਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਸ਼ਨੀਵਾਰ ਨੂੰ ਇਕ ਟਵੀਟ ‘ਚ ਕਿਹਾ,”ਅੱਜ ਇਕ ਹੋਰ ਲਵ ਲੈਟਰ ਆਇਆ ਹੈ।”

ਕੇਜਰੀਵਾਲ ਨੇ ਇਸ ਤੋਂ ਪਹਿਲਾਂ ਵੀ ਇਕ ਟਵੀਟ ‘ਚ ਉਪ ਰਾਜਪਾਲ ‘ਤੇ ਤੰਜ ਕੱਸਦੇ ਹੋਏ ਕਿਹਾ ਸੀ,”ਐੱਲ.ਜੀ. ਸਾਹਿਬ ਜਿੰਨਾ ਮੈਨੂੰ ਡਾਂਟਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਨਹੀਂ ਡਾਂਟਦੀ।” ਉਪ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੇ ਪੱਤਰ ਅਤੇ ਨਿਰਦੇਸ਼ ਸਰਕਾਰ ਨੂੰ ਉਸ ਦੇ ਕੰਮਕਾਜ ‘ਚ ਗਲਤੀਆਂ ਅਤੇ ਕਮੀਆਂ ਖ਼ਿਲਾਫ਼ ਸੁਚੇਤ ਕਰਨ ਲਈ ਸਨ, ਫਿਰ ਵੀ ਉਨ੍ਹਾਂ ‘ਤੇ ਨਿੱਜੀ ਤੌਰ ‘ਤੇ ਹਮਲਾ ਕੀਤਾ ਗਿਆ ਅਤੇ ‘ਗਲਤ ਦੋਸ਼ਾਂ’ ਦੇ ਅਧੀਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮੁੱਖ ਮੰਤਰੀ ਨੂੰ ਲਿਖੇ ਪੱਤਰ ‘ਚ ਉਪ ਰਾਜਪਾਲ ਨੇ ਆਬਕਾਰੀ ਨੀਤੀ (ਹੁਣ ਖ਼ਤਮ ਹੋ ਚੁੱਕੀ) ਦੀ ਜਾਂਚ, ਇਕ ਪ੍ਰੋਗਰਾਮ ‘ਚ ਰਾਸ਼ਟਰਪਤੀ ਦੀ ਮੌਜੂਦਗੀ ‘ਚ ਕੇਜਰੀਵਾਲ ਜਾਂ ਉਨ੍ਹਾਂ ਦੀ ਮੰਤਰੀਆਂ ਦੀ ਗੈਰ-ਹਾਜ਼ਰੀ, ਬਿਜਲੀ ਸਬਸਿਡੀ, ਅਧਿਆਪਕਾਂ ਦੀ ਭਰਤੀ ਸਮੇਤ ਕਈ ਹੋਰ ਬਿੰਦੂਆਂ ਦੀ ਜਾਂਚ ਦੇ ਸੰਬੰਧ ‘ਚ ਆਪਣੇ ਨਿਰਦੇਸ਼ਾਂ ਬਾਰੇ ਪੁੱਛਿਆ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਦੇ ਆਦੇਸ਼ ਦੇਣ ‘ਚ ਉਹ ਕਿੱਥੇ ਗਲਤ ਸਨ।

Add a Comment

Your email address will not be published. Required fields are marked *