ਦੁਨੀਆ ਦੀ ਸਭ ਤੋਂ ਅਮੀਰ ਔਰਤ ਮਾਇਰਸ ਨੇ ਅਮੀਰੀ ’ਚ ਮੁਕੇਸ਼ ਅੰਬਾਨੀ ਨੂੰ ਪਛਾੜਿਆ
ਨਵੀਂ ਦਿੱਲੀ – ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 2 ਸਥਾਨ ਹੇਠਾਂ ਡਿਗ ਗਏ ਹਨ। ਇਸ ਲਿਸਟ ਵਿਚ ਮੈਕਸੀਕੋ ਦੇ ਕਾਰਲੋਸ ਸਲਿਮ ਅਤੇ ਦੁਨੀਆ ਦੀ ਸਭ ਤੋਂ ਅਮੀਰ ਔਰਤ ਫਰਾਂਸ ਦੀ ਫਰਾਂਸੁਆ ਬੇਟਨਕਾਟ ਮਾਇਰਸ ਉਨ੍ਹਾਂ ਤੋਂ ਅੱਗੇ ਨਿਕਲ ਗਈ ਹੈ।
ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 11ਵੇਂ ਤੋਂ 13ਵੇਂ ਨੰਬਰ ’ਤੇ ਖਿਸਕ ਗਏ ਹਨ। ਹੁਣ ਮੈਕਸੀਕੋ ਦੇ ਕਾਰਲੋਸ ਸਲਿਮ ਅਤੇ ਫਰਾਂਸ ਦੀ ਫਰਾਂਸੁਆ ਬੇਟਨਕਾਟ ਮਾਇਰਸ ਉਨ੍ਹਾਂ ਤੋਂ ਅੱਗੇ ਹੋ ਗਈ ਹੈ। ਮਾਇਰਸ ਦੁਨੀਆ ਦੀ ਸਭ ਤੋਂ ਅਮੀਰ ਔਰਤ ਹੈ। ਉਹ 2021 ਵਿਚ ਦੁਨੀਆ ਦੇ ਅਮੀਰਾਂ ਦੀ ਲਿਸਟ ਵਿਚ ਟੌਪ-10 ’ਚ ਵੀ ਰਹਿ ਚੁੱਕੀ ਹੈ।
ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅੰਬਾਨੀ ਦੀ ਨੈੱਟਵਰਥ 86.5 ਅਰਬ ਡਾਲਰ ਪੁੱਜ ਗਈ ਹੈ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ਵਿਚ 59.3 ਕਰੋੜ ਡਾਲਰ ਦੀ ਗਿਰਾਵਟ ਆਈ ਹੈ ਅਤੇ ਉਹ ਟੌਪ-15 ’ਚ ਨੈੱਟਵਰਥ ਗੁਆਉਣ ਵਾਲੇ ਇਕੱਲੇ ਅਰਬਪਤੀ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ 70 ਸਾਲਾਂ ਮਾਇਰਸ ਦੀ ਨੈੱਟਵਰਥ 86.8 ਅਰਬ ਡਾਲਰ ਹੈ ਅਤੇ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 12ਵੇਂ ਨੰਬਰ ’ਤੇ ਹੈ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ਵਿਚ 15.3 ਅਰਬ ਡਾਲਰ ਦੀ ਤੇਜ਼ੀ ਆਈ ਹੈ। ਲੋਰੀਅਲ ਵਿਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ 33 ਫੀਸਦੀ ਹਿੱਸੇਦਾਰੀ ਹੈ। ਲੋਰੀਅਲ ਦੇ ਸ਼ੇਅਰ ਦੀ ਕੀਮਤ ਵਿਚ ਹਾਲ ਹੀ ਦੇ ਦਿਨਾਂ ਵਿਚ ਕਾਫੀ ਵਾਧਾ ਹੋਇਆ ਹੈ।

