ਰੈਪਰ ਬਾਦਸ਼ਾਹ ’ਤੇ ਫੇਕ ਫਾਲੋਅਰਜ਼ ਤੇ ਵਿਊਜ਼ ਵਧਾਉਣ ਦਾ ਵੀ ਲੱਗਾ ਦੋਸ਼

ਮੁੰਬਈ – ਆਨਲਾਈਨ ਸੱਟੇਬਾਜ਼ੀ ਐਪ ‘ਫੇਅਰਪਲੇਅ’ ਦੀ ਪ੍ਰਮੋਸ਼ਨ ਦੇ ਮਾਮਲੇ ’ਚ ਫਸਣ ਤੋਂ ਪਹਿਲਾਂ ਵੀ ਰੈਪਰ ਬਾਦਸ਼ਾਹ ਕਈ ਵਿਵਾਦਾਂ ’ਚ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ’ਤੇ ਇੰਸਟਾਗ੍ਰਾਮ ਦੇ ਫੇਕ ਫਾਲੋਅਰਜ਼ ਅਤੇ ਯੂਟਿਊਬ ’ਤੇ ਫੇਕ ਵਿਊਜ਼ ਵਧਾਉਣ ਦਾ ਦੋਸ਼ ਵੀ ਲੱਗ ਚੁੱਕਾ ਹੈ। ਅਸਲ ’ਚ ਅਗਸਤ 2020 ’ਚ ਬਾਦਸ਼ਾਹ ’ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਪੈਸੇ ਦੇ ਕੇ ਸੋਸ਼ਲ ਮੀਡੀਆ ’ਤੇ ਆਪਣੇ ਫਰਜ਼ੀ ਫਾਲੋਅਰਜ਼ ਅਤੇ ਵਿਊਜ਼ ਵਧਾਏ ਹਨ। ਇਸ ਸਬੰਧ ’ਚ ਪੁੱਛਗਿੱਛ ਲਈ ਕ੍ਰਿਮੀਨਲ ਇੰਟੈਲੀਜੈਂਸ ਯੂਨਿਟ ਨੇ ਉਸੇ ਸਾਲ 20 ਅਗਸਤ ਨੂੰ ਬਾਦਸ਼ਾਹ ਨੂੰ ਸੰਮਨ ਵੀ ਭੇਜਿਆ ਸੀ। ਹਾਲਾਂਕਿ ਉਸ ਤੋਂ ਪਹਿਲਾਂ ਉਦੋਂ ਮੁੰਬਈ ਪੁਲਸ ਨੇ ਬਾਦਸ਼ਾਹ ਤੋਂ ਪੁੱਛਗਿੱਛ ਕੀਤੀ ਸੀ, ਜਿਸ ’ਚ ਉਨ੍ਹਾਂ ਆਪਣੇ ’ਤੇ ਲੱਗਣ ਵਾਲੇ ਦੋਸ਼ਾਂ ਨੂੰ ਝੂਠਾ ਦੱਸਿਆ ਸੀ।

ਸਿੰਗਰ ਭੂਮੀ ਤ੍ਰਿਵੇਦੀ ਨੇ ਉਦੋਂ ਬਾਦਸ਼ਾਹ ਵਿਰੁੱਧ ਫਰਜ਼ੀ ਸੋਸ਼ਲ ਮੀਡੀਆ ਫਾਲੋਅਰਜ਼ ਨੂੰ ਲੈ ਕੇ ਮੁੰਬਈ ਪੁਲਸ ’ਚ ਮਾਮਲਾ ਦਰਜ ਕਰਵਾਇਆ ਸੀ। ਭੂਮੀ ਦਾ ਕਹਿਣਾ ਸੀ ਕਿ ਕੁਝ ਲੋਕ ਉਨ੍ਹਾਂ ਦੇ ਨਾਂ ਨਾਲ ਸੋਸ਼ਲ ਮੀਡੀਆ ’ਤੇ ਫਰਜ਼ੀ ਫੈਨ ਫਾਲੋਇੰਗ ਵਧਾਉਣ ਦਾ ਦਾਅਵਾ ਕਰ ਰਹੇ ਹਨ। ਜਦ ਇਸ ਮਾਮਲੇ ਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ ਕਈ ਖਿਡਾਰੀਆਂ, ਬਿਜ਼ਨੈੱਸਮੈਨ ਅਤੇ ਬਾਲੀਵੁੱਡ ਸੈਲੇਬਸ ਨੇ ਆਪਣੇ ਫਾਲੋਅਰਜ਼ ਵਧਾਉਣ ਲਈ ਪੈਸਾ ਦਿੱਤਾ ਸੀ।

ਇਸ ਤੋਂ ਪਹਿਲਾਂ ਇਹ ਰੈਪਰ ਇਸੇ ਸਾਲ ਰਿਲੀਜ਼ ਹੋਏ ਗਾਣੇ ‘ਸਨਕ’ ਨੂੰ ਲੈ ਕੇ ਵਿਵਾਦਾਂ ’ਚ ਘਿਰ ਚੁੱਕਾ ਹੈ। ਮਾਮਲਾ ਅਪ੍ਰੈਲ ਮਹੀਨੇ ਦਾ ਹੈ, ਜਦ ਰੈਪਰ ਬਾਦਸ਼ਾਹ ਦਾ ਉਕਤ ਗਾਣਾ ਰਿਲੀਜ਼ ਹੋਇਆ ਸੀ। ਗਾਣੇ ਦੇ ਲਿਰਿਕਸ ’ਤੇ ਉਜੈਨ ਮਹਾਕਲੇਸ਼ਵਰ ਮੰਦਰ ਦੇ ਪੁਜਾਰੀਆਂ ਨੇ ਵਿਰੋਧ ਜਤਾਇਆ ਸੀ, ਜਿਸ ਤੋਂ ਬਾਅਦ ਬਾਦਸ਼ਾਹ ਨੂੰ ਆਪਣੇ ਗਾਣੇ ’ਚ ਬਦਲਾਅ ਕਰਨਾ ਪਿਆ ਅਤੇ ਮੁਆਫ਼ੀ ਵੀ ਮੰਗਣੀ ਪਈ ਸੀ।

ਦੱਸ ਦਈਏ ਕਿ ਅਪ੍ਰੈਲ ਮਹੀਨੇ ’ਚ ਰਿਲੀਜ਼ ਹੋਈ ਐਲਬਮ ‘ਸਨਕ’ ਦਾ ਇਕ ਗੀਤ ਵਿਵਾਦਾਂ ’ਚ ਆ ਗਿਆ ਸੀ। ਗੀਤ ’ਚ ਅਸ਼ਲੀਲ ਸ਼ਬਦਾਂ ਨਾਲ ਭੋਲੇਨਾਥ ਦਾ ਨਾਂ ਵਰਤਨ ’ਤੇ ਉਜੈਨ ਸਥਿਤ ਮਸ਼ਹੂਰ ਮਹਾਕਾਲ ਮੰਦਰ ਦੇ ਪੁਜਾਰੀ ਅਤੇ ਸੰਤ ਸਮਾਜ ਨੇ ਇਸ ’ਤੇ ਵਿਰੋਧ ਜਤਾਇਆ ਸੀ। ਉਨ੍ਹਾਂ ਰੈਪਰ ਨੂੰ ਚਿਤਾਵਨੀ ਦਿੰਦੇ ਹੋਏ ਗੀਤ ’ਚੋਂ ਭਗਵਾਨ ਦਾ ਨਾਂ ਹਟਾਉਣ ਅਤੇ ਮੁਆਫੀ ਮੰਗਣ ਦੀ ਗੱਲ ਕਹੀ ਸੀ। ਗੀਤ ਦੇ ਬੋਲ ਸਨ,‘ਕਭੀ ਸੈਕਸ ਤੋਂ ਕਭੀ ਗਿਆਨ ਬਾਂਟਤਾ ਫਿਰੂੰ, ਹਿਟ ਪਰ ਹਿਟ ਮੈਂ ਮਾਰਤਾ ਫਿਰੂੰ, ਤੀਨ-ਤੀਨ ਰਾਤ ਮੈਂ ਲਗਾਤਾਰ ਜਾਗਤਾ, ਭੋਲੇਨਾਥ ਕੇ ਸਾਥ ਮੇਰੀ ਬਨਤੀ ਹੈ,’ ਇਸ ਨੂੰ ਲੈ ਕੇ ਸ਼ਿਵ ਭਗਤਾਂ ਨੇ ਨਾਰਾਜ਼ਗੀ ਜਤਾਈ ਸੀ।

Add a Comment

Your email address will not be published. Required fields are marked *