ਪੰਜਾਬ ਦੇ ਜਵਾਨ ਦੀ ਦਿੱਲੀ ‘ਚ ਡਿਊਟੀ ਦੌਰਾਨ ਹੋਈ ਮੌਤ

ਅਜਨਾਲਾ- ਕਰੀਬ 9 ਸਾਲ ਪਹਿਲਾਂ ਦੇਸ਼ ਦੀ ਸੇਵਾ ਲਈ ਫ਼ੌਜ ਦੀ ਯੂਨਿਟ ਓ.ਐੱਸ.ਜੀ. ‘ਚ ਭਰਤੀ ਹੋਏ ਸ਼ਮਸ਼ੇਰ ਸਿੰਘ ਦੀ ਬੀਤੇ ਕੱਲ੍ਹ ਡਿਊਟੀ ਦੌਰਾਨ ਦਿੱਲੀ ਦੇ ਇਕ ਹਸਪਤਾਲ ‘ਚ ਅਚਾਨਕ ਮੌਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਦਸੰਧੀ, ਨੇੜੇ ਭਿੰਡੀ ਸੈਦਾਂ ਜ਼ਿਲ੍ਹਾ ਅੰਮ੍ਰਿਤਸਰ ਲਿਆਉਣ ਤੋਂ ਬਾਅਦ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਸਬੰਧੀ ਫ਼ੌਜੀ ਸ਼ਮਸ਼ੇਰ ਸਿੰਘ ਦੇ ਭਰਾ ਨਵਤੇਜ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਆਰਮੀ ‘ਚ ਬਤੌਰ ਹੌਲਦਾਰ ਦੇ ਰੈਂਕ ਤੇ ਕਲਰਕ ਦੀ ਡਿਉਟੀ ਕਰਦਾ ਸੀ, ਜਿਸ ਦੀ ਬੀਤੇ ਕੱਲ੍ਹ ਅਚਾਨਕ ਦਿੱਲੀ ਦੇ ਇਕ ਹਸਪਤਾਲ ਵਿਖੇ ਮੌਤ ਹੋ ਗਈ। 

ਉਨ੍ਹਾਂ ਇਹ ਸਾਡੇ ਪਰਿਵਾਰ ਤੇ ਸਾਕ ਸਬੰਧੀਆਂ ਲਈ ਬਹੁਤ ਵੱਡਾ ਸਦਮਾ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਸ਼ਮਸ਼ੇਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਸ ਦੀ ਯਾਦਗਾਰ ‘ਚ ਉਸ ਦੇ ਨਾਂ ‘ਤੇ ਸਰਕਾਰੀ ਸਕੂਲ ਦਾ ਗੇਟ ਬਣਾਇਆ ਜਾਵੇ, ਤਾਂ ਜੋ ਰਹਿੰਦੀ ਦੁਨੀਆ ਤੱਕ ਉਸ ਦਾ ਨਾਂ ਅਮਰ ਰਹੇ।

ਇਸ ਮੌਕੇ ਹਲਕਾ ਇੰਚਾਰਜ ਤੇ ਪੰਨਗਰੇਨ ਪੰਜਾਬ ਦੇ ਚੇਅਰਮੇਨ ਬਲਦੇਵ ਸਿੰਘ ਮਿਆਦੀਆਂ ਨੇ ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਦੇਸ਼ ਦੀ ਰਾਖੀ ਲਈ ਪਿਛਲੇ 9 ਸਾਲਾਂ ਤੋਂ ਫੌਜ ‘ਚ ਸੇਵਾਵਾਂ ਨਿਭਾਅ ਰਹੇ ਸ਼ਮਸ਼ੇਰ ਸਿੰਘ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼ਮਸ਼ੇਰ ਸਿੰਘ ਨੇ 9 ਸਾਲ ਆਪਣੇ ਦੇਸ਼ ਦੀ ਸੇਵਾ ‘ਚ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਮਸ਼ੇਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾਉਣ ਤੇ ਸ਼ਹੀਦ ਫ਼ੌਜੀਆਂ ਨੂੰ ਮਿਲਣ ਵਾਲੇ ਸਾਰੇ ਮਾਨ ਸਨਮਾਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨਗੇ। ਫ਼ਿਲਹਾਲ ਮੁੱਖ ਮੰਤਰੀ ਦੇ ਪੰਜਾਬ ‘ਚ ਨਾ ਹੋਣ ਕਾਰਨ ਉਨ੍ਹਾਂ ਦੇ ਓ.ਐੱਸ.ਡੀ ਨਾਲ ਗੱਲਬਾਤ ਹੋ ਚੁੱਕੀ ਹੈ। ਇਸ ਮੌਕੇ ਡਿਉਟੀ ਮਜਿਸਟ੍ਰੇਟ ਨੈਬ ਤਸੀਲਦਾਰ ਜਸਵਿੰਦਰ ਸਿੰਘ, ਐੱਸ.ਐੱਚ.ਓ ਬਲਦੇਵ ਸਿੰਘ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫ਼ੌਜੀ, ਪ੍ਰਗਟ ਸਿੰਘ ਬੱਚੀਵਿੰਡ, ਲੱਖਾ ਸਿੰਘ, ਬਿੱਲਾ ਸਿੰਘ, ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਚ ਲੋਕ ਹਾਜ਼ਰ ਸਨ।

Add a Comment

Your email address will not be published. Required fields are marked *