ਮੁੱਖ ਮੰਤਰੀ ਵੱਲੋਂ ‘ਪੰਜਾਬ ਵਿਜ਼ਨ ਦਸਤਾਵੇਜ਼-2047’ ਜਾਰੀ

ਚੰਡੀਗੜ੍ਹ, 13 ਜੂਨ-: ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਅਰਥਵਿਵਸਥਾ ’ਚ ਸੁਧਾਰ ਲਿਆਉਣ ਲਈ ਅੱਜ ਸਾਲ 2047 ਦਾ ‘ਵਿਜ਼ਨ ਦਸਤਾਵੇਜ਼’ ਜਾਰੀ ਕੀਤਾ ਹੈ, ਜਿਸ ’ਚ ਪੰਜਾਬ ਨੂੰ ਆਉਣ ਵਾਲੇ ਸਾਲਾਂ ’ਚ ਆਰਥਿਕ ਪੱਖੋਂ ਮਜ਼ਬੂਤ ਕਰਨ ਬਾਰੇ ਵੇਰਵਾ ਦਿੱਤਾ ਗਿਆ ਹੈ। ਸ੍ਰੀ ਮਾਨ ਨੇ ਇਸ ਦਸਤਾਵੇਜ਼ ਨੂੰ ਪ੍ਰਗਤੀਸ਼ੀਲ ਤੇ ਖੁਸ਼ਹਾਲ ਪੰਜਾਬ ਲਈ ਰੂਪ ਰੇਖਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ’ਤੇ ਸੂਬੇ ਦੇ ਸਰਬਪੱਖੀ ਵਿਕਾਸ ਦੀ ਉਮੀਦ ਬੰਨ੍ਹਦਾ ਹੈ। ਇਸ ਦਸਤਾਵੇਜ਼ ’ਚ 9 ਵਿਭਾਗੀ ਸੈਕਸ਼ਨ ਤੇ 16 ਸਬ-ਸੈਕਸ਼ਨ ਸ਼ਾਮਲ ਹਨ, ਜਿਸ ’ਚ ਮੌਜੂਦਾ ਸਮੇਂ ਸੂਬੇ ਨੂੰ ਦਰਪੇਸ਼ ਚੁਣੌਤੀਆਂ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਰਣਨੀਤੀਆਂ ਉਲੀਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਬਰਾਬਰ ਅਤੇ ਸਥਿਰ ਵਿਕਾਸ ਨੂੰ ਯਕੀਨੀ ਬਣਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਉਦੇਸ਼ ਸਾਲ 2030 ਤੱਕ ਨਿਵੇਸ਼-ਜੀਐੱਸਡੀਪੀ ਅਨੁਪਾਤ ਨੂੰ 25 ਫ਼ੀਸਦੀ ਅਤੇ ਸਾਲ 2047 ਤੱਕ 32 ਫ਼ੀਸਦੀ ਤੱਕ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਯੋਗਤਾ ਅਤੇ ਸਟਾਰਟਅੱਪ ਈਕੋ-ਸਿਸਟਮ ਨੂੰ ਬਿਹਤਰ ਬਣਾਉਣ ਲਈ ਸਾਰੇ ਖੇਤਰਾਂ ’ਚ ਨਿਵੇਸ਼ ਨੂੰ ਹੁਲਾਰਾ ਦੇ ਕੇ ਅਤੇ ਉਦਯੋਗਾਂ ਤੇ ਵਿੱਦਿਅਕ ਅਦਾਰਿਆਂ ਵਿਚਾਲੇ ਤਾਲਮੇਲ ਪੈਦਾ ਕਰ ਕੇ ਵਧੀਆ ਨੌਕਰੀਆਂ ਪੈਦਾ ਕਰਨਾ ਯਕੀਨੀ ਬਣਾਇਆ ਜਾਵੇਗਾ।
ਸ੍ਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਾਲ 2030 ਅਤੇ 2047 ਤੱਕ ਇਸ ਦਸਤਾਵੇਜ਼ ’ਚ ਨਿਰਧਾਰਤ ਟੀਚੇ ਹਾਸਲ ਕਰਨ ਲਈ ਯਤਨਸ਼ੀਲ ਹੈ। ਸਰਕਾਰ ਵਿਜ਼ਨ ਦਸਤਾਵੇਜ਼ ’ਚ ਪ੍ਰਸਤਾਵਿਤ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

Add a Comment

Your email address will not be published. Required fields are marked *