ਨਵਜੋਤ ਸਿੱਧੂ ਨੇ ਫਿਰ ਸਾਧੇ ਕੇਜਰੀਵਾਲ ਤੇ ਸੀਐੱਮ ਮਾਨ ‘ਤੇ ਨਿਸ਼ਾਨੇ

ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਐਕਸਾਈਜ਼ ‘ਚ ਘਪਲਾ ਦਿੱਲੀ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਲੋਕਾਂ ਦੇ ਟੈਕਸ ਦੇ ਪੈਸੇ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀ ਕਲਾ ਦੇ ਮਾਹਿਰ ਹਨ। ਉਹ ਪਟਿਆਲਾ ਵਿਖੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 

ਸਿੱਧੂ ਨੇ ਕਿਹਾ ਕਿ ਉਹ ਅੱਜ ਆਮ ਆਦਮੀ ਪਾਰਟੀ ਦੀ ਐਕਸਾਈਜ਼ ਪਾਲਿਸੀ ’ਤੇ ਦੇ ਘਪਲੇ ਦਾ ਪਰਦਾਫਾਸ਼ ਕਰਨ ਵਾਲੇ ਹਨ ਕਿ ਕਿਸ ਤਰ੍ਹਾਂ ਦਿੱਲੀ ਵਿੱਚ ਕੇਜਰੀਵਾਲ ਨੇ ਨਵੀਂ ਐਕਸਾਈਜ਼ ਪਾਲਿਸੀ ਲਾਗੂ ਕਰਕੇ ਲੋਕਾਂ ਦੇ ਪੈਸੇ ਨੂੰ ਲੁੱਟਿਆ ਅਤੇ ਪਹਿਲਾਂ ਦਿੱਲੀ ਤੇ ਹੁਣ ਪੰਜਾਬ ਵਿੱਚ ਵੀ ਉਹੀ ਪਾਲਿਸੀ ਹੈ। ਸਿੱਧੂ ਨੇ ਦਾਅਵਾ ਕੀਤਾ ਕਿ 300-400 ਕਰੋੜ ਦਾ ਨਹੀਂ ਸਗੋਂ ਇਹ 30-40 ਹਜ਼ਾਰ ਕਰੋੜ ਦਾ ਘਪਲਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਦਿੱਲੀ ਵਿੱਚ ਇਹ ਪਾਲਿਸੀ ਲਾਗੂ ਕੀਤੀ ਗਈ ਅਤੇ 3 ਮਹੀਨੇ ਬਾਅਦ ਵਾਪਸ ਲੈ ਲਈ ਗਈ, ਜੇਕਰ ਇਹ ਜਨਤਕ ਹਿੱਤਾਂ ਵਿੱਚ ਸੀ ਤਾਂ ਫਿਰ ਵਾਪਸ ਕਿਉਂ ਲਈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਪਾਲਿਸੀ ਲੋਕਾਂ ਦੀ ਲੁੱਟ ਲਈ ਬਣਾਈ ਗਈ ਸੀ, ਜਦੋਂ ਰੌਲ਼ਾ ਪਿਆ ਤਾਂ ਵਾਪਸ ਲੈ ਲਈ ਗਈ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਇਹ ਪਾਲਿਸੀ ਅੱਜ ਤੱਕ ਲਾਗੂ ਹੈ।

ਨਵਜੋਤ ਸਿੱਧੂ ਨੇ ਦਿੱਲੀ ਬਾਰੇ ਕੁਝ ਅੰਕੜੇ ਵੀ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਦਿੱਲੀ ਵਿੱਚ ਕੁਲ 7,860 ਕਰੋੜ ਰੁਪਏ ਦੀ ਸਾਲਾਨਾ ਵਿਕਰੀ ‘ਤੇ ਸਰਕਾਰੀ ਆਬਕਾਰੀ ਮਾਲੀਆ 3,378 ਕਰੋੜ ਰੁਪਏ ਸੀ ਪਰ ਕੇਜਰੀਵਾਲ ਦੀ ਨਵੀਂ ਆਬਕਾਰੀ ਨੀਤੀ ਵਿੱਚ ਕੁਲ ਸਾਲਾਨਾ 13,560 ਕਰੋੜ ਰੁਪਏ ਦੀ ਵਿਕਰੀ ਹੋਈ ਪਰ ਹੈਰਾਨੀ ਵਾਲੀ ਗੱਲ ਹੈ ਕਿ ਮਾਲੀਆ ਘੱਟ ਕੇ ਸਿਰਫ 312 ਕਰੋੜ ਰੁਪਏ ਰਹਿ ਗਿਆ। ਲਗਭਗ 3 ਹਜ਼ਾਰ ਕਰੋੜ ਦਾ ਇਹ ਅੰਤਰ ਦਿੱਲੀ ਵਿੱਚ ‘ਆਪ’ ਸਰਕਾਰ ਦੁਆਰਾ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਕੀਤੇ ਗਏ ਇਕ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਭ੍ਰਿਸ਼ਟਾਚਾਰ ਹੈ, ਜਿਸ ਦੇ ਨਤੀਜੇ ਵਜੋਂ ਦਿੱਲੀ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪਿਛਲੀ ਪਾਲਿਸੀ ਦੌਰਾਨ ਖਪਤਕਾਰ ਲਈ 530 ਰੁਪਏ ਦੀ ਬੋਤਲ ਦੀ ਕੀਮਤ ਸੀ, ਜਿਸ ਵਿੱਚ ਰਿਟੇਲਰ ਮਾਰਜਨ 33 ਰੁਪਏ ਅਤੇ ਸਰਕਾਰੀ ਆਬਕਾਰੀ ਮਾਲੀਆ 329 ਰੁਪਏ ਸੀ, ਜਦੋਂ ਕਿ ਕੇਜਰੀਵਾਲ ਸਰਕਾਰ ਦੁਆਰਾ ਲਿਆਂਦੀ ਗਈ ਤਾਂ ਬੋਲਤ ਦੀ ਕੀਮਤ ਵਧ ਕੇ 560 ਰੁਪਏ ਹੋ ਗਈ ਅਤੇ ਇਸ ਨਵੀਂ ਨੀਤੀ ਨੇ ਰਿਟੇਲਰ ਮਾਰਜਨ ਨੂੰ 363 ਰੁਪਏ ਤੱਕ ਵਧਾ ਦਿੱਤਾ ਅਤੇ ਸਰਕਾਰ ਦਾ ਆਬਕਾਰੀ ਮਾਲੀਆ ਸਿਰਫ 8 ਰੁਪਏ ਰਹਿ ਗਿਆ। ਇਸ ਤੋਂ ਸਪੱਸ਼ਟ ਤੌਰ ‘ਤੇ ਕੇਜਰੀਵਾਲ ਸਰਕਾਰ ਦਾ ਇਰਾਦਾ ਸਾਹਮਣੇ ਆ ਗਿਆ ਹੈ। ਸਿੱਧੂ ਨੇ ਕਿਹਾ ਕਿ ਦਿੱਲੀ ਵਿੱਚ ਇਕ ਸੁਚੱਜੇ ਢੰਗ ਨਾਲ ਭ੍ਰਿਸ਼ਟਾਚਾਰ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਉਸੇ ਰਾਹ ‘ਤੇ ਚੱਲ ਰਹੀ ਹੈ, ਜਿਸ ਵਿੱਚ ਚੁਣੇ ਹੋਏ ਲੋਕਾਂ ਨੂੰ ਐੱਲ ਵਨ ਦੇ ਲਾਇਸੈਂਸ ਦਿੱਤੇ ਜਾ ਰਹੇ ਹਨ ਅਤੇ ਸਰਕਾਰੀ ਮਾਲੀਏ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਜਾ ਰਿਹਾ ਹੈ।

ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ 20 ਹਜ਼ਾਰ ਕਰੋੜ ਐਕਸਾਈਜ਼ ਤੋਂ ਅਤੇ 20 ਹਜ਼ਾਰ ਕਰੋੜ ਮਾਈਨਿੰਗ ਤੋਂ ਇਕੱਠਾ ਕੀਤਾ ਜਾਵੇਗਾ ਪਰ ਐਕਸਾਈਜ਼ ਤੋਂ 4 ਤੋਂ 6 ਹਜ਼ਾਰ ਕਰੋੜ ਅਤੇ ਮਾਈਨਿੰਗ ਤੋਂ ਸਿਰਫ 200 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋ ਰਿਹਾ ਹੈ। ਪੰਜਾਬ ਵਿੱਚ ਸ਼ਰਾਬ ਮਾਫੀਆ, ਮਾਈਨਿੰਗ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਕੇਬਲ ਮਾਫੀਆ ਵੀ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰ ਰਿਹਾ ਹੈ।

‘ਇੰਡੀਆ’ ਗਠਜੋੜ ਬਾਰੇ ਪੁੱਛੇ ਸਵਾਲਾਂ ’ਤੇ ਉਨ੍ਹਾਂ ਕਿਹਾ ਕਿ ਹਾਈਕਮਾਂਡ ਜੋ ਫ਼ੈਸਲਾ ਲਵੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ ਪਰ ਇਹ ਤੈਅ ਹੈ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਪੰਜਾਬ ਹੀ ਉਨ੍ਹਾਂ ਦੀ ਪਹਿਲ ਹੈ। ਪਟਿਆਲਾ ਤੋਂ ਚੋਣ ਲੜਨ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਜਿਹੜਾ ਹੁਕਮ ਲਗਾਏਗੀ, ਉਹ ਹੁਕਮ ਮੰਨਿਆ ਜਾਵੇਗਾ। ਇਸ ਮੌਕੇ ਪਟਿਆਲਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ, ਪੰਜਾਬ ਕਾਂਗਰਸ ਦੇ ਬੁਲਾਰੇ ਗੌਰਵ ਸੰਧੂ, ਸਿੱਧੂ ਪਰਿਵਾਰ ਦੇ ਨਜ਼ਦੀਕੀ ਅਤੁਲ ਜਲੋਟਾ, ਸਾਬਕਾ ਵਿਧਾਇਕ ਰਜਿੰਦਰ ਸਿੰਘ ਦੇ ਪੀ.ਏ. ਸਚਿਨ ਕੰਬੋਜ ਵੀ ਹਾਜ਼ਰ ਸਨ।

Add a Comment

Your email address will not be published. Required fields are marked *