11 ਨਵੰਬਰ ਨੂੰ ਕੈਲੀਫੋਰਨੀਆ ਐਲਕ ਗਰੋਵ ਸਿਟੀ ਚ ਹੋਵੇਗੀ ‘ਵੈਟਰਨਜ਼ ਡੇਅ ਪਰੇਡ’

ਸੈਕਰਾਮੈਂਟੋ : ਕੈਲੀਫੋਰਨੀਆ ਰਾਜ ਦੇ ਐਲਕ ਗਰੋਵ ਸਿਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਟਰਨਜ਼ ਡੇਅ ਪਰੇਡ 11 ਨਵੰਬਰ ਨੂੰ ਕਰਾਈ ਜਾਵੇਗੀ ਜਿਸ ਵਿੱਚ ਅਮਰੀਕੀ ਫੌਜ ਨੂੰ ਸਮਰਪਿਤ ਸਿੱਖ ਭਾਈਚਾਰੇ ਦੇ ਲੋਕ ਵੀ ਵੱਧ-ਚੜ੍ਹ ਕੇ ਆਪਣੀ ਸ਼ਿਰਕਤ ਕਰਦੇ ਹਨ। ਇਸ ਪਰੇਡ ਵਿਚ ਜਿੱਥੇ ਅਮਰੀਕੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਸਾਬਕਾ ਫੌਜੀ ਹਿੱਸਾ ਲੈਂਦੇ ਹਨ, ਉਥੇ ਬਹੁਤ ਸਾਰੇ ਫਲੋਟ ਵੀ ਇਸ ਪਰੇਡ ਦੀ ਰੌਣਕ ਨੂੰ ਵਧਾਉਂਦੇ ਹਨ।

ਇਸ ਬਾਰੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਅਤੇ ਉੱਘੇ ਸਿੱਖ ਆਗੂ ਗੁਰਜਤਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਵੀ ਇਸ ਪਰੇਡ ਵਿਚ ਸਿੱਖ ਭਾਈਚਾਰੇ ਵੱਲੋਂ 3 ਫਲੋਟ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਉੱਤੇ ਅਮਰੀਕੀ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਸਿੱਖ ਫੌਜੀਆਂ ਦੀਆਂ ਤਸਵੀਰਾਂ ਸੁਸ਼ੋਭਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੀ ਪਹਿਚਾਣ ਵਿੱਚ ਵਾਧਾ ਹੁੰਦਾ ਹੈ। ਸਿਟੀ ਦੇ ਕਮਿਸ਼ਨਰ ਰੰਧਾਵਾ ਨੇ ਦੱਸਿਆ ਕਿ ਇਹ ਪਰੇਡ 8820, ਐਲਕ ਗਰੋਵ, ਬੁੱਲੇਵਾਰਡ ਤੋਂ ਸ਼ੁਰੂ ਹੋ ਕੇ ਐਲਕ ਗਰੋਵ ਰਿਜਨਲ ਪਾਰਕ ਤੱਕ ਜਾਂਦੀ ਹੈ ਅਤੇ ਪਰੇਡ ਸ਼ੁਰੂ ਹੋਣ ਦਾ ਸਮਾਂ ਸਵੇਰੇ 9.00 ਵਜੇ ਦਾ ਹੈ। ਉਹਨਾਂ ਸਮੂਹ ਭਾਈਚਾਰੇ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਸਮੇਂ ਤੋਂ ਪਹਿਲਾਂ ਪਹੁੰਚਣ।

Add a Comment

Your email address will not be published. Required fields are marked *