ਸੰਕਟ ‘ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਲੰਡਨ, ਦੁਬਈ ਅਤੇ ਭਾਰਤ ਦੀਆਂ ਕੰਪਨੀਆਂ ਦੀਆਂ ਲਗਭਗ 538 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਕਥਿਤ ਤੌਰ ‘ਤੇ ਬੈਂਕ ਲੋਨ ਧੋਖਾਧੜੀ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਦੇ ਤਹਿਤ ਕੁਰਕ ਕੀਤਾ ਗਿਆ ਹੈ। ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿੱਚ 17 ਫਲੈਟ, ਬੰਗਲੇ ਅਤੇ ਵਪਾਰਕ ਥਾਂ ਸ਼ਾਮਲ ਹਨ।

ਸੰਘੀ ਏਜੰਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਲੰਡਨ, ਦੁਬਈ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ‘ਚ ਸਥਿਤ ਜਾਇਦਾਦਾਂ ਜਿਵੇਂ ਜੈੱਟ ਏਅਰ ਪ੍ਰਾਈਵੇਟ ਲਿਮਟਿਡ ਅਤੇ ਜੈੱਟ ਐਂਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ ਵਰਗੀਆਂ ਵੱਖ-ਵੱਖ ਕੰਪਨੀਆਂ ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ ਅਤੇ ਬੇਟੇ ਨਿਵਾਨ ਦੇ ਨਾਂ ‘ਤੇ ਹਨ। ਈਡੀ ਨੇ ਕਿਹਾ ਕਿ ਕਈ ਕੁਰਕ ਕੀਤੀਆਂ ਜਾਇਦਾਦਾਂ ਦੀ ਕੁੱਲ ਕੀਮਤ 538.05 ਕਰੋੜ ਰੁਪਏ ਹੈ। ਈਡੀ ਨੇ ਗੋਇਲ (74) ਨੂੰ 1 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਏਜੰਸੀ ਨੇ ਮੰਗਲਵਾਰ ਨੂੰ ਮੁੰਬਈ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਅਦਾਲਤ ਵਿੱਚ ਉਸ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਉਹ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ।

ਜੈੱਟ ਏਅਰਵੇਜ਼ ਨੇ ਅਪ੍ਰੈਲ 2019 ਵਿੱਚ ਨਕਦੀ ਦੀ ਕਿੱਲਤ ਤੋਂ ਬਾਅਦ ਸੰਚਾਲਨ ਬੰਦ ਕਰ ਦਿੱਤਾ ਸੀ। ਬਾਅਦ ਵਿੱਚ ਗੋਇਲ ਨੇ ਏਅਰਲਾਈਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਗੋਇਲ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐੱਫਆਈਆਰ ਨਾਲ ਸਬੰਧਤ ਹੈ, ਜੋ ਮੁੰਬਈ ਦੇ ਇੱਕ ਬੈਂਕ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤੀ ਗਈ ਸੀ। ਈਡੀ ਦੇ ਅਨੁਸਾਰ, ਬੈਂਕ ਨੇ ਜੈੱਟ ਏਅਰਵੇਜ਼ ਲਿਮਟਿਡ, ਇਸਦੇ ਪ੍ਰਮੋਟਰਾਂ ਅਤੇ ਨਿਰਦੇਸ਼ਕਾਂ ‘ਤੇ ਬੈਂਕਾਂ ਤੋਂ ਲਏ 538.62 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਵਿੱਚ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ।

ਨਰੇਸ਼ ਗੋਇਲ ‘ਤੇ ਕੇਨਰਾ ਬੈਂਕ ‘ਚ 538 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਬੈਂਕ ਦੀ ਸ਼ਿਕਾਇਤ ‘ਤੇ ਪਿਛਲੇ ਸਾਲ ਨਵੰਬਰ ‘ਚ ਐੱਫਆਈਆਰ ਦਰਜ ਕੀਤੀ ਗਈ ਸੀ। ਕਿਹਾ ਗਿਆ ਸੀ ਕਿ ਕੇਨਰਾ ਬੈਂਕ ਨੇ ਜੈੱਟ ਏਅਰਵੇਜ਼ ਲਿਮਟਿਡ ਨੂੰ 848 ਕਰੋੜ 86 ਲੱਖ ਰੁਪਏ ਦੀ ਕ੍ਰੈਡਿਟ ਲਿਮਿਟ ਅਤੇ ਕਰਜ਼ਾ ਮਨਜ਼ੂਰ ਕੀਤਾ ਸੀ। ਇਨ੍ਹਾਂ ਵਿੱਚੋਂ 538 ਕਰੋੜ 62 ਲੱਖ ਰੁਪਏ ਬਕਾਇਆ ਹਨ।

ਇਸ ਸ਼ਿਕਾਇਤ ਤੋਂ ਬਾਅਦ ਸੀਬੀਆਈ ਨੇ ਮਈ 2023 ਵਿੱਚ ਨਰੇਸ਼ ਗੋਇਲ, ਉਸ ਦੀ ਪਤਨੀ ਅਨੀਤਾ ਅਤੇ ਹੋਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। 5 ਮਈ ਨੂੰ ਗੋਇਲ ਦੇ ਮੁੰਬਈ ਸਥਿਤ ਦਫ਼ਤਰ ਸਮੇਤ 7 ਥਾਵਾਂ ‘ਤੇ ਤਲਾਸ਼ੀ ਲਈ ਗਈ ਸੀ। ਉਸ ਦੇ ਸਾਥੀਆਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਬਾਅਦ ਵਿੱਚ 19 ਜੁਲਾਈ ਨੂੰ ਈਡੀ ਨੇ ਵੀ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਫਿਰ ਈਡੀ ਨੇ ਗੋਇਲ ਅਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਆਖਰਕਾਰ 1 ਸਤੰਬਰ, 2023 ਨੂੰ ਨਰੇਸ਼ ਗੋਇਲ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ।

Add a Comment

Your email address will not be published. Required fields are marked *