ਸ਼ੇਅਰਪ੍ਰੋ ਸਰਵਿਸਿਜ਼ ਮਾਮਲੇ ’ਚ ਸੇਬੀ ਨੇ 13 ਲੋਕਾਂ ’ਤੇ ਲਾਇਆ 33 ਕਰੋੜ ਦਾ ਜੁਰਮਾਨਾ

ਨਵੀਂ ਦਿੱਲੀ – ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਰੈਗੂਲੇਟਰੀ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ ਸ਼ੇਅਰਪ੍ਰੋ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਸਮੇਤ 13 ਲੋਕਾਂ ’ਤੇ ਕੁੱਲ 33 ਕਰੋੜ ਦਾ ਜੁਰਮਾਨਾ ਲਗਾਇਆ ਹੈ। ਮਾਰਕੀਟ ਰੈਗੂਲੇਟਰੀ ਸੇਬੀ ਨੇ ਇਨ੍ਹਾਂ ਲੋਕਾਂ ’ਤੇ 1 ਲੱਖ ਤੋਂ ਲੈ ਕੇ 15 ਕਰੋੜ ਰੁਪਏ ਤੱਕ ਜੁਰਮਾਨਾ ਲਗਾਇਆ ਹੈ। ਇਨ੍ਹਾਂ ’ਚ ਸ਼ੇਅਰਪ੍ਰੋ ਦੀ ਉੱਪ-ਪ੍ਰਧਾਨ ਇੰਦਰਾ ਕਰਕੇਰਾ ’ਤੇ 15.08 ਕਰੋੜ ਅਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੋਵਿੰਦ ਰਾਜ ਰਾਵ ’ਤੇ 5.16 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸੇਬੀ ਨੇ ਬਲਰਾਮ ਮੁਖਰਜੀ, ਪ੍ਰਦੀਪ ਰਾਠੌਰ, ਸ਼੍ਰੀਕਾਂਤ ਭਲਕੀਆ, ਅਨਿਲ ਜਾਠਾਨ, ਚੇਤਨ ਸ਼ਾਹ, ਸੁਜੀਤ ਕੁਮਾਰ ਅਮਰਨਾਥ ਗੁਪਤਾ, ਭਵਾਨੀ ਜਾਠਾਨ, ਆਨੰਦ ਐੱਸ. ਭਲਕੀਆ, ਦਯਾਨੰਦ ਜਾਟਾਨ, ਮੋਹਿਤ ਕਰਕੇਰਾ ਅਤੇ ਰਾਜੇਸ਼ ਭਗਤ ’ਤੇ ਵੀ ਜੁਰਮਾਨਾ ਲਗਾਇਆ ਗਿਆ ਹੈ।

ਸੇਬੀ ਨੇ ਆਪਣੇ 200 ਪੰਨਿਆਂ ਦੇ ਆਦੇਸ਼ ’ਚ ਕਿਹਾ ਕਿ ਧੋਖਾਦੇਹੀ ’ਚ ਅਸਲ ਸ਼ੇਅਰਧਾਰਕਾਂ ਦੀਆਂ ਘੱਟੋ-ਘੱਟ 60.45 ਕਰੋੜ ਰੁਪਏ ਦੀਆਂ ਸਕਿਓਰਿਟੀਜ਼ (ਅਕਤੂਬਰ 2016 ’ਚ ਸਬੰਧਤ ਸ਼ੇਅਰ ਦੇ ਮੁੱਲ ਦੇ ਆਧਾਰ ’ਤੇ) ਅਤੇ 1.41 ਕਰੋੜ ਰੁਪਏ ਦੇ ਲਾਭ ਅੰਸ਼ ਦੀ ਦੁਰਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਧੋਖਾਦੇਹੀ ’ਚ ਅਸਲ ਸ਼ੇਅਰਧਾਰਕਾਂ ਦੀਆਂ ਕੁੱਝ ਗੈਰ-ਸੂਚੀਬੱਧ ਸਕਿਓਰਿਟੀਜ਼ ਦੀ ਦੁਰਵਰਤੋਂ ਵੀ ਕੀਤੀ ਗਈ ਸੀ।

Add a Comment

Your email address will not be published. Required fields are marked *