ਬ੍ਰਿਸਬੇਨ ‘ਚ ਮਨਮੀਤ ਅਲੀਸ਼ੇਰ ਦੀ ਸੱਤਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ

ਬ੍ਰਿਸਬੇਨ – ਮਰਹੂਮ ਮਨਮੀਤ ਅਲੀਸ਼ੇਰ ਦੀ ਸੱਤਵੀਂ ਬਰਸੀ ਮੌਕੇ ਵਿਛੜੀ ਰੂਹ ਦੀ ਯਾਦ ‘ਚ ਮਨਮੀਤ ਪੈਰਾਡਾਈਜ਼ ਪਾਰਕ, ਲਕਸਵਰਥ ਪਲੇਸ ਮੁਰੂਕਾ ਬ੍ਰਿਸਬੇਨ ਵਿਖੇ ਮਨਮੀਤ ਅਲੀਸ਼ੇਰ ਦੇ ਪਰਿਵਾਰ, ਆਰ. ਟੀ. ਬੀ. ਯੂਨੀਅਨ ਤੇ ਪੰਜਾਬੀ ਭਾਈਚਾਰੇ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਯਾਦਗਾਰੀ ਸਮਾਗਮ ‘ਚ ਇਸ ਮੌਕੇ ਵਿਨਰਜੀਤ ਸਿੰਘ ਖਡਿਆਲ, ਅਮਿਤ ਅਲੀਸ਼ੇਰ, ਪਿੰਕੀ ਸਿੰਘ, ਅਮਨਦੀਪ ਕੌਰ, ਟੋਮ ਬਰਾਊਨ, ਰਾਜੇਸ਼ ਕੁਮਾਰ, ਕੌਂਸਲਰ ਏਂਜਲਾ ਓਵਨ, ਕੌਂਸਲਰ ਸਟੀਵ ਗਰੀਫਿਥਸ ਨੇ ਸਾਝੇ ਤੌਰ ਤੇ ਵੱਖ-ਵੱਖ ਬੁਲਾਰਿਆਂ ਨੇ ਭਾਵ-ਭਿੰਨੀਆ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਮਨਮੀਤ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਸੀ ਅਤੇ ਉਹ ਹਮੇਸ਼ਾ ਸਾਡੇ ਚੇਤਿਆਂ ਵਿੱਚ ਵਸਦਾ ਰਹੇਗਾ। ਉਸਦੀ ਦਰਦਨਾਕ ਮੌਤ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ, ਸਮੁੱਚਾ ਭਾਈਚਾਰਾ ਅੱਜ ਵੀ ਸਦਮੇ ਦਾ ਸ਼ਿਕਾਰ ਹੈ।

ਅਮਿਤ ਅਲੀਸ਼ੇਰ ਤੇ ਵਿਨਰਜੀਤ ਸਿੰਘ ਖਡਿਆਲ ਨੇ ਅੱਗੇ ਕਿਹਾ ਕਿ ਇਸ ਮੁਲਕ ਆਸਟ੍ਰੇਲੀਆ ਦਾ ਨਾਮ ਜਦੋਂ ਵੀ ਕਿਤੇ ਸਾਹਮਣੇ ਆਉਂਦਾ ਹੈ, ਤਾ ਇਕ ਹੱਸਦਾ, ਉਮੀਦ ਨਾਲ ਭਰਿਆ ਰੋਣਕੀ ਚਿਹਰਾ ਸਾਹਮਣੇ ਆ ਜਾਂਦਾ, ਉਹ ਸ਼ਖਸ “ਮਨਮੀਤ ਅਲੀਸ਼ੇਰ” ਜਿਸ ਨੂੰ ਗਏ ਨੂੰ ਕਈ ਵਰ੍ਹੇ ਬੀਤ ਗਏ, ਪਰ ਉਸ ਦੇ ਜਾਣ ਦੀ ਪੀੜ ਅੱਜ ਵੀ ਉਸੇ ਤਰੀਕੇ ਨਾਲ ਬਰਕਰਾਰ ਹੈ, ਨਾ ਉਹ ਸਮਾਂ ਭੁੱਲਦਾ, ਨਾ ਉਸ ਦਾ ਵਿਛੜਣਾ ਭੁੱਲਦਾ ਤੇ ਨਾ ਹੀ ਵਿਛੜਣ ਦਾ ਤਰੀਕਾ ਭੁੱਲਦਾ, ਜਿਥੇ ਮਨਮੀਤ ਨੇ ਸਾਨੂੰ ਸਦਾ ਲਈ ਅਲਵਿਦਾ ਕਿਹਾ। ਮਨਮੀਤ ਨੂੰ ਯਾਦ ਕਰਦਿਆਂ ਉਨਾਂ ਦੁਨੀਆਂ ਭਰ ਵਿੱਚ ਵੱਸਦੇ ਸਾਰੇ ਸਨੇਹੀਆਂ, ਜਿੰਨਾਂ ਨੇ ਉਸ ਕਹਿਰ ਦੇ ਸਮੇਂ ਵਿੱਚ ਨਿੱਘਾ ਸਾਥ ਦਿੱਤਾ ਉਹਨਾਂ ਦਾ ਦਿਲੋ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਆਸਟ੍ਰੇਲੀਆ ਵੱਸਦੇ ਪ੍ਰਵਾਸੀ ਭਾਰਤੀਆਂ ਖਾਸਕਰ ਪੰਜਾਬੀ ਭਾਈਚਾਰੇ ਵਲੋਂ ਮਿਹਨਤ ਅਤੇ ਲਗਨ ਨਾਲ ਤਰੱਕੀ ਕਰ ਜੋ ਬੁਲੰਦੀਆਂ ਹਾਸਲ ਕੀਤੀਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀਆਂ ਵਲੋਂ ਦਿੱਤੇ ਗਏ ਪਿਆਰ ਅਤੇ ਸਹਿਯੋਗ ਦੇ ਲਈ ਹਮੇਸ਼ਾ ਹੀ ਰਿਣੀ ਰਹਿਣਗੇ।

ਜ਼ਿਕਰਯੋਗ ਹੈ ਕਿ 28 ਅਕਤੂਬਰ, 2016 ਦੀ ਚੰਦਰੀ ਸਵੇਰ ਨੂੰ ਐਂਥਨੀ ਉਡਨੋਹੀਓ ਨਾਮੀ ਸਥਾਨਕ ਵਿਅਕਤੀ ਨੇ ਮਰਹੂਮ ਮਨਮੀਤ ਅਲੀਸ਼ੇਰ ਨੂੰ ਬੱਸ ਡਰਾਈਵਰ ਦੀ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜਿੰਦਾਂ ਜਲਾ ਕੇ ਮਾਰ ਦਿੱਤਾ ਸੀ। ਇਸ ਮੌਕੇ ਸਰਬਜੀਤ ਸੋਹੀ, ਮਨਜੀਤ ਬੋਪਾਰਾਏ, ਜਸਪਾਲ ਸੰਧੂ, ਵਰਿੰਦਰ ਅਲੀਸ਼ੇਰ, ਅਮਨ ਭੰਗੂ, ਮਨਮੋਹਣ ਰੰਧਾਵਾ  ਤੋ ਇਲਾਵਾ ਬ੍ਰਿਸਬੇਨ ਦੇ ਵੱਖ-ਵੱਖ ਬੱਸ ਡਿੱਪੂਆਂ ਦੇ ਡਰਾਈਵਰਾਂ, ਪਰਿਵਾਰਕ ਮੈਂਬਰਾਂ, ਪੰਜਾਬੀ ਭਾਈਚਾਰੇ ਨਾਲ ਸਬੰਧਿਤ ਅਤੇ ਸਥਾਨਕ ਲੋਕਾਂ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਭਾਵ-ਭਿੰਨੀਆ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

Add a Comment

Your email address will not be published. Required fields are marked *