ਅੰਮ੍ਰਿਤਸਰ ‘ਚ ਜਗਰਾਤਾ ਕਰਨ ਜਾ ਰਹੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

ਅੰਮ੍ਰਿਤਸਰ -ਅੰਮ੍ਰਿਤਸਰ ’ਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕਤਲ ਵਰਗੀ ਵਾਰਦਾਤ ਦਾ ਤਾਜ਼ਾ ਮਾਮਲਾ ਦੇਰ ਰਾਤ ਰਾਮ ਨਗਰ ਕਾਲੋਨੀ ਤੋਂ ਸਾਹਮਣੇ ਆਇਆ ਹੈ,ਜਿੱਥੇ ਇਕ ਵਿਅਕਤੀ ਦਾ ਲੁਟੇਰਿਆਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜੇਸ਼ ਕੁਮਾਰ ਵਾਸੀ ਰਾਮ ਨਗਰ ਕਾਲੋਨੀ ਗੁਰੂ ਨਾਨਕਪੁਰਾ ਜਗਰਾਤੇ ਲਈ ਜਾ ਰਿਹਾ ਸੀ ਤਾਂ ਸਥਾਨਕ ਰਿਆਲਟੋ ਚੌਂਕ ਵਿਚ ਉਸ ਨੂੰ ਲੁਟੇਰਿਆਂ ਨੇ ਘੇਰ ਲਿਆ ਅਤੇ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਰਾਜੇਸ਼ ਨੇ ਆਪਣਾ ਬੈਗ ਨਾ ਛੱਡਿਆ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ’ਚੋਂ ਇਕ ਨੇ ਗੋਲ਼ੀ ਚਲਾ ਦਿੱਤੀ, ਜੋ ਸਿੱਧੀ ਰਾਜੇਸ਼ ਦੀ ਛਾਤੀ ’ਤੇ ਜਾ ਲੱਗੀ ਅਤੇ ਉਹ ਖ਼ੂਨ ਨਾਲ ਲਥਪਥ ਹੋ ਕੇ ਸੜਕ ’ਤੇ ਡਿੱਗ ਗਿਆ।

ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਲੁਟੇਰੇ ਆਬਾਦੀ ਵੱਲ ਭੱਜ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਰਾਜੇਸ਼ ਦੀ ਇਕ ਬੇਟੀ ਸੀ ਅਤੇ ਉਹ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ। ਏ. ਸੀ. ਪੀ. ਨੌਰਥ ਵਰਿੰਦਰ ਸਿੰਘ ਖੋਸਾ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਬਹੁਤ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *