ਸਪੀਕਰ ਸੰਧਵਾਂ ਵੱਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਦੇ ਹਮ-ਜਮਾਤੀਆਂ ਨਾਲ ਮੁਲਾਕਾਤ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ (ਕਰਨਾਟਿਕ) ਦੇ ਆਪਣੇ ਹਮ-ਜਮਾਤੀਆਂ ਨਾਲ ਕਾਲਜ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਕੈਨੇਡਾ ਦੇ ਦੌਰੇ ’ਤੇ ਗਏ ਸੰਧਵਾਂ ਨੇ ਬੀਤੀ ਸ਼ਾਮ ਆਪਣੇ ਹਮ-ਜਮਾਤੀਆਂ ਨਾਲ ਮਿਲਣੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀ ਜੀਵਨ ਅਤੇ ਵਿਦਿਆਰਥੀ ਸੰਘਰਸ਼ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਵਿਦਿਆਰਥੀਆਂ ਦੀ ਇਸ ਮਹਿਫ਼ਲ ਦੌਰਾਨ ਭਾਵਨਾਤਮਿਕ ਸਾਂਝ ਭਾਰੂ ਰਹੀ। 

ਇਸ ਦੌਰਾਨ ਸੰਧਵਾਂ ਨੇ ਸੂਬੇ ਦੀ ਸ਼ਾਨ ਬਹਾਲ ਕਰਨ ’ਤੇ ਇਸ ਨੂੰ ਮੁੜ ‘ਰੰਗਲਾ ਪੰਜਾਬ’ ਬਨਾਉਣ ਲਈ ਆਪਣੇ ਸਾਥੀਆਂ ਦੇ ਸੁਝਾਅ ਮੰਗੇ ਅਤੇ ਉਨ੍ਹਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਅਪੀਲ ਕੀਤੀ। ਸੰਧਵਾਂ ਨੇ ਕਿਹਾ ਕਿ ਉਨ੍ਹਾਂ ਕੋਲ ਇੰਜੀਨੀਅਰਿੰਗ ਦੀ ਅਹਿਮ ਪੜ੍ਹਾਈ ਕਰਨ ਅਤੇ ਉਸ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਦਾ ਵੱਡਾ ਤਜਰਬਾ ਹੈ। ਇਸ ਤਜਰਬੇ ਦਾ ਲਾਜ਼ਮੀ ਤੌਰ ’ਤੇ ਪੰਜਾਬ ਨੂੰ ਫ਼ਾਇਦਾ ਹੋਣਾ ਚਾਹੀਦਾ ਹੈ। ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਵਿਕਾਸ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣ।

ਸੰਧਵਾਂ ਦੇ ਕੈਨੇਡਾ ਵਿੱਚ ਵੱਸਦੇ ਹਮ-ਜਮਾਤੀਆਂ ਨੇ ਉਨ੍ਹਾਂ ਦਾ ਕੈਨੇਡਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਸੂਬੇ ਦੇ ਵਿਕਾਸ ਵਿੱਚ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਮ-ਜਮਾਤੀਆਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਅਤੇ ਉਹ ਹੁਣ ਲਗਾਤਾਰ ਆਪਣੇ ਸਾਥੀਆਂ ਨੂੰ ਮਿਲਦੇ ਰਹਿਣਗੇ।

Add a Comment

Your email address will not be published. Required fields are marked *