World Cup 2023: ਦੱਖਣੀ ਅਫ਼ਰੀਕਾ ਨੇ ਤੋੜੀਆਂ ਪਾਕਿਸਤਾਨ ਦੀਆਂ ਉਮੀਦਾਂ

ਅੱਜ ਦੱਖਣੀ ਅਫ਼ਰੀਕਾ ਦੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਉਸ ਦਾ ਸੈਮੀਫ਼ਾਈਨਲ ਦਾ ਰਾਹ ਹੋਰ ਵੀ ਔਖਾ ਕਰ ਦਿੱਤਾ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਨੂੰ 271 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਦੱਖਣੀ ਅਫ਼ਰੀਕਾ ਨੇ 47.2 ਓਵਰਾਂ ਵਿਚ ਹਾਸਲ ਕਰ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ। 

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਸ਼ਫੀਕ ਅਤੇ ਇਮਾਮ ਉਲ ਹੱਕ ਦੀ ਵਿਕਟ ਛੇਤੀ ਗੁਆਉਣ ਮਗਰੋਂ ਰਿਜ਼ਵਾਨ (31) ਅਤੇ ਕਪਤਾਨ ਬਾਬਰ ਆਜ਼ਮ (50) ਨੇ ਪਾਰੀ ਨੂੰ ਸੰਭਾਲਿਆ। ਬਾਬਰ ਨੇ ਪਹਿਲਾਂ ਰਿਜ਼ਵਾਨ ਤੇ ਫ਼ਿਰ ਇਫਤਿਖ਼ਾਰ ਅਹਿਮਦ ਨਾਲ ਸਾਂਝੇਦਾਰੀਆਂ ਕਰ ਕੇ ਟੀਮ ਦਾ ਸਕੋਰ ਅੱਗੇ ਤੋਰਿਆ। ਉਨ੍ਹਾਂ ਮਗਰੋਂ ਸਾਊਦ ਸ਼ਕੀਲ (52) ਅਤੇ ਸ਼ਾਦਾਬ ਖ਼ਾਨ (43) ਨੇ ਵੀ ਚੰਗੀਆਂ ਪਾਰੀਆਂ ਖੇਡੀਆਂ। ਇਨ੍ਹਾਂ ਪਾਰੀਆਂ ਸਦਕਾ ਪਾਕਿਸਤਾਨ ਦੀ ਟੀਮ 270 ਦੌੜਾਂ ‘ਤੇ ਪਹੁੰਚ ਸਕੀ। ਦੱਖਣੀ ਅਫ਼ਰੀਕਾ ਵੱਲੋਂ ਤਬਰੇਜ਼ ਸ਼ਮਸੀ ਨੇ 4, ਮਾਰਕੋ ਜੈੱਨਸਨ ਨੇ 3 ਅਤੇ ਕੋਇਟਜ਼ੀ ਨੇ 2 ਵਿਕਟਾਂ ਲਈਆਂ। ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪਾਕਿਸਤਾਨ ਦੀ ਟੀਮ ਨੂੰ 46.4 ਓਵਰਾਂ ਵਿਚ 270 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। 

ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਕੁਇੰਟਨ ਡੀ ਕਾਕ (24) ਤੇ ਤੈਂਬਾ ਬਵੂਮਾ (28) ਨੇ ਇਕ ਸੰਭਲੀ ਹੋਈ ਸ਼ੁਰੂਆਤ ਦੁਆਈ। ਇਸ ਪਾਰੀ ਦਾ ਮੁੱਖ ਖਿੱਚ ਦਾ ਕੇਂਦਰ ਏਡਨ ਮਾਰਕ੍ਰਮ ਰਹੇ। ਉਸ ਨੇ 93 ਗੇਂਦਾਂ ਵਿਚ 3 ਛੱਕਿਆਂ ਤੇ 7 ਚੌਕਿਆਂ ਸਦਕਾ 91 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਚੰਗੀ ਬੱਲੇਬਾਜ਼ੀ ਕਰਦਿਆਂ ਟੀਮ ਦਾ ਸਕੋਰ 40ਵੇਂ ਓਵਰ ਵਿਚ 250 ਤਕ ਪਹੁੰਚਾ ਦਿੱਤਾ। ਪਰ ਅਖ਼ੀਰ ਵਿਚ ਪਾਕਿਸਤਾਨੀ ਗੇਂਦਬਾਜ਼ਾਂ ਨੇ ਜ਼ਬਰਦਸਤ ਵਾਪਸੀ ਕੀਤੀ। ਪਾਕਿਸਤਾਨੀ ਗੇਂਦਬਾਜ਼ ਇਸ ਮੁਕਾਬਲੇ ਨੂੰ ਆਖ਼ਰੀ ਓਵਰਾਂ ਤਕ ਲੈ ਗਏ ਪਰ ਆਖ਼ਰ ਦੱਖਣੀ ਅਫ਼ਰੀਕਾ ਨੇ 47.2 ਓਵਰਾਂ ਵਿਚ 9 ਵਿਕਟਾਂ ਗੁਆ ਕੇ 271 ਦੌੜਾਂ ਬਣਾ ਲਈਆਂ ਤੇ 1 ਵਿਕਟ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ।

Add a Comment

Your email address will not be published. Required fields are marked *