ਜੀ-20 ਸੰਮੇਲਨ ’ਚ ਲਾਂਘੇ ਦੇ ਐਲਾਨ ਤੋਂ ਭੜਕੇ ਹਮਾਸ ਨੇ ਕੀਤਾ ਇਜ਼ਰਾਈਲ ’ਤੇ ਹਮਲਾ

ਵਾਸ਼ਿੰਗਟਨ (28 ਅਕਤੂਬਰ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗ ਸ਼ੁਰੂ ਹੋਣ ਦਾ ਇਕ ਕਾਰਨ ਜੀ-20 ਸੰਮੇਲਨ ਵਿੱਚ ਕੀਤੇ ਗਏ ਇਕ ਵੱਡੇ ਐਲਾਨ ਨੂੰ ਦੱਸਿਆ ਹੈ। ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਅੱਤਵਾਦੀ ਹਮਲੇ ਕਰਨ ਦਾ ਇਕ ਕਾਰਨ ਹਾਲ ਹੀ ’ਚ ਨਵੀਂ ਦਿੱਲੀ ’ਚ ਹੋਏ ਜੀ-20 ਸੰਮੇਲਨ ’ਚ ‘ਭਾਰਤ ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ’ ਦਾ ਐਲਾਨ ਹੈ। ਇਹ ਗਲਿਆਰਾ ਪੂਰੇ ਇਲਾਕੇ ਨੂੰ ਰੇਲ ਨੈੱਟਵਰਕ ਨਾਲ ਜੋੜਨ ਦਾ ਕੰਮ ਕਰਨ ਵਾਲਾ ਹੈ।

ਬਾਈਡੇਨ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਨਾਲ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਜਦੋਂ ਹਮਾਸ ਨੇ ਹਮਲਾ ਕੀਤਾ ਸੀ, ਤਾਂ ਹਮਲੇ ਦੇ ਕਾਰਨਾਂ ’ਚੋਂ ਇਕ ਇਹੀ ਗਲਿਆਰਾ ਸੀ। ਮੇਰੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ, ਬਸ ਮੇਰੀ ਅੰਤਰਆਤਮਾ ਮੈਨੂੰ ਇਹ ਕਹਿ ਰਹੀ ਹੈ। ਇਹ ਸਭ ਉਸੇ ਐਲਾਨ ਦੇ ਕਾਰਨ ਸੀ। ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਬਾਈਡੇਨ ਨੇ ਹਮਾਸ ਵਲੋਂ ਅੱਤਵਾਦੀ ਹਮਲੇ ਦੇ ਸੰਭਾਵਿਤ ਕਾਰਨ ਦੇ ਰੂਪ ’ਚ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ ਦਾ ਜ਼ਿਕਰ ਕੀਤਾ ਹੈ। 

ਤੁਹਾਨੂੰ ਦੱਸ ਦੇਈਏ ਕਿ ਕਈ ਲੋਕ ਨਵੇਂ ਆਰਥਿਕ ਗਲਿਆਰੇ ਨੂੰ ਚੀਨ ਦੀ ਬੈਲਟ ਐਂਡ ਰੋਡ ਪਹਿਲ ਦੇ ਬਦਲ ਵਜੋਂ ਦੇਖ ਰਹੇ ਹਨ। ਇਸ ਗਲਿਆਰੇ ਦਾ ਐਲਾਨ ਅਮਰੀਕਾ, ਭਾਰਤ, ਸਾਊਦੀ ਅਰਬ, ਯੂ. ਏ. ਈ., ਫਰਾਂਸ, ਜਰਮਨੀ, ਇਟਲੀ ਅਤੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨੇ ਜੀ-20 ਸੰਮੇਲਨ ਵਿੱਚ ਕੀਤਾ ਸੀ। ਇਸ ਗਲਿਆਰੇ ਵਿੱਚ ਇਕ ਪੂਰਬੀ ਗਲਿਆਰਾ ਵੀ ਸ਼ਾਮਲ ਹੈ, ਜੋ ਭਾਰਤ ਨੂੰ ਖਾੜੀ ਖੇਤਰ ਨਾਲ ਜੋੜਦਾ ਹੈ ਅਤੇ ਇਕ ਉੱਤਰੀ ਗਲਿਆਰਾ ਹੈ, ਜੋ ਖਾੜੀ ਖੇਤਰ ਨੂੰ ਯੂਰਪ ਨਾਲ ਜੋੜਦਾ ਹੈ।

Add a Comment

Your email address will not be published. Required fields are marked *