ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਮੁੜ ਸ਼ੁਰੂ ਕੀਤੀਆਂ ਵੀਜ਼ਾ ਸੇਵਾਵਾਂ

ਨਵੀਂ ਦਿੱਲੀ- ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਜਾਰੀ ਹੈ। ਇਸ ਵਿਚਕਾਰ ਭਾਰਤ ਨੇ ਕੈਨੇਡਾ ਦੇ ਲੋਕਾਂ ਲਈ ਵੀਜ਼ਾ ਸੇਵਾਵਾਂ ਮੁੜ ਤੋਂ ਬੁੱਧਵਾਰ (25 ਅਕਤੂਬਰ) ਨੂੰ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡਾ ਦੇ ਓਟਾਵਾ ‘ਚ ਮੌਜੂਦ ਭਾਰਤ ਦੇ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਦੱਸਿਆ ਕਿ ਫਿਲਹਾਲ ਵੀਜ਼ਾ ਸੇਵਾਵਾਂ- ਐਂਟਰੀ ਵੀਜ਼ਾ, ਬਿਜ਼ਨੈੱਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਦੀ ਸ਼੍ਰੇਣੀ ‘ਚ ਹੀ ਸ਼ੁਰੂ ਕੀਤੀਆਂ ਗਈਆਂ ਹਨ। 

ਹਾਈ ਕਮਿਸ਼ਨ ਨੇ ਅੱਗੇ ਬਿਆਨ ‘ਚ ਕਿਹਾ ਕਿ ਸੁਰੱਖਿਆ ਕਾਰਨਾਂ ਨੂੰ ਧਿਆਨ ‘ਚ ਰੱਖਦੇ ਹੋਏ ਅਸਥਾਈ ਤੌਰ ‘ਤੇ ਵੀਜ਼ਾ ਦੇਣ ‘ਤੇ ਪਹਿਲਾਂ ਰੋਕ ਲਗਾਈ ਗਈ ਸੀ। ਅਜਿਹੇ ‘ਚ ਸੁਰੱਖਿਆ ਸਥਿਤੀ ਰੀਵਿਊ ਕਰਨ ਤੋਂ ਬਾਅਦ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਗਈਆਂ ਹਨ। ਇਹ ਫੈਸਲਾ ਵੀਰਵਾਰ (26 ਅਕਤੂਬਰ) ਤੋਂ ਲਾਗੂ ਹੋਵੇਗਾ। 

ਕੈਨੇਡਾ ਦੇ 15 ਗੁਰਦੁਆਰਿਆਂ ਨੇ 19 ਅਕਤੂਬਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿੱਖ ਕੇ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਚਿੱਠੀ ‘ਚ ਉਨ੍ਹਾਂ ਲਿਖਿਆ ਕਿ ਭਾਰਤ ਵੱਲੋਂ ਵੀਜ਼ਾ ਸੇਵਾਵਾਂ ‘ਤੇ ਰੋਕ ਲਗਾਏ ਜਾਣ ਕਾਰਨ ਕੈਨੇਡਾ ‘ਚ ਵਸਦੇ ਭਾਰਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ‘ਚ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਵੀਜ਼ਾ ਸੇਵਾਵਾਂ ਬੰਦ ਹੋਣ ਕਾਰਨ ਕੈਨੇਡਾ ‘ਚ ਵਸਦੇ ਭਾਰਤੀ ਲੋਕ ਭਾਰਤ ਨਹੀਂ ਜਾ ਪਾ ਰਹੇ। ਅੱਗੇ ਉਨ੍ਹਾਂ ਲਿਖਿਆ ਕਿ ਬਹੁਤ ਸਾਰੇ ਭਾਰਤ ‘ਚ ਵਿਆਹ ਕਰਵਾਉਣ ਲਈ ਖਰਚਾ ਵੀ ਕਰ ਚੁੱਕੇ ਹਨ ਪਰ ਵੀਜ਼ਾ ਸੇਵਾਵਾਂ ਬੰਦ ਹੋਣ ਕਾਰਨ ਉਹ ਭਾਰਤ ਨਹੀਂ ਜਾ ਪਾ ਰਹੇ। 

ਹਾਲ ਹੀ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਸੀ ਕਿ ਨਿੱਝਰ ਦੇ ਕਤਲ ‘ਚ ਭਾਰਤੀ ਏਜੰਟ ਦਾ ਹੱਥ ਹੋ ਸਕਦਾ ਹੈ। ਇਸ ‘ਤੇ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਟਰੂਡੋ ਦੇ ਸਾਰੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ। 

ਦੱਸ ਦੇਈਏ ਕਿ ਭਾਰਤ ਵੱਲੋਂ 12 ਤਰ੍ਹਾਂ ਦੇ ਵੀਜ਼ੇ ਦਿੱਤੇ ਜਾਂਦੇ ਹਨ ਜਿਨ੍ਹਾਂ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਭਾਰਤ ਨੇ ਇਨ੍ਹਾਂ ‘ਚੋਂ ਚਾਰ ਸ਼੍ਰੇਣੀਆਂ ਦੇ ਵੀਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿਚ ਐਂਟਰੀ ਵੀਜ਼ਾ, ਬਿਜ਼ਨੈੱਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਨੂੰ ਸ਼ਾਮਲ ਕੀਤਾ ਗਿਆ ਹੈ। ਫਿਲਹਾਲ ਅਜੇ ਟੂਰਿਸਟ ਵੀਜ਼ਾ ਨੂੰ ਵੀ ਭਾਰਤ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਹੈ। ਟੂਰਿਸਟ ਵੀਜ਼ਾ, ਐਂਟਰੀ ਵੀਜ਼ਾ, ਬਿਜ਼ਨੈੱਸ ਵੀਜ਼ਾ, ਰੋਜ਼ਗਾਰ ਵੀਜ਼ਾ, ਸਟੂਡੈਂਟ ਵੀਜ਼ਾ, ਮੈਡੀਕਲ ਵੀਜ਼ਾ ਅਤੇ ਮੈਡੀਕਲ ਅਟੈਂਡੈਂਟ ਵੀਜ਼ਾ, ਜਰਨਲਿਸਟ (“ਜੇ”) ਵੀਜ਼ਾ, ਫਿਲਮ ਵੀਜ਼ਾ, ਕਾਨਫਰੰਸ ਵੀਜ਼ਾ, ਟਰਾਂਜ਼ਿਟ ਵੀਜ਼ਾ, ਮਿਸ਼ਨਰੀ ਵੀਜ਼ਾ ਅਤੇ ਪਰਬਤਾਰੋਹੀ ਵੀਜ਼ਾ। 

Add a Comment

Your email address will not be published. Required fields are marked *