ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਮਗਰੋਂ ਭੜਕਿਆ ਲੋਕਾਂ ਦਾ ਗੁੱਸਾ

ਨਿਊਜ਼ੀਲੈਂਡ – ਆਕਲੈਂਡ ਦੇ ਸੈਂਡਰਿੰਘਮ ਇਲਾਕੇ ਵਿੱਚ 23 ਨਵੰਬਰ ਨੂੰ ਇੱਕ ਡੇਅਰੀ ਵਰਕਰ “ਜਨਕ ਪਟੇਲ” (34) ਦਾ ਦੁਕਾਨ ਵਿਚ ਦਾਖ਼ਲ ਹੋ ਕੇ ਲੁਟੇਰਿਆਂ ਵੱਲੋਂ ਕਤਲ ਕਰਨ ਤੋਂ ਬਾਅਦ ਆਮ ਲੋਕਾਂ ਵਿੱਚ ਸਰਕਾਰ ਦੀ ਢਿੱਲੀ ਕਾਰਜ਼ਗੁਜ਼ਾਰੀ ਅਤੇ ਅਪਰਾਧੀਆਂ ਪ੍ਰਤੀ ਨਰਮ ਕਾਨੂੰਨਾਂ ਨੂੰ ਲੈ ਕੇ ਗੁੱਸਾ ਸਿਖਰਾਂ ‘ਤੇ ਹੈ। ਲੰਬੇ ਸਮੇਂ ਤੋਂ ਦਿਨ-ਦਿਹਾੜੇ ਹੁੰਦੀਆਂ ਲੁੱਟਾਂ-ਖੋਹਾਂ ਅਤੇ ਖੱਜਲ-ਖੁਆਰੀ ਤੋਂ ਪਰੇਸ਼ਾਨ ਛੋਟੇ ਅਤੇ ਮਧਿਅਮ ਕਾਰੋਬਾਰੀ ਇਹਨਾਂ ਲੁਟੇਰਿਆਂ ਅਤੇ ਕਾਤਲਾਂ ਅੱਗੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ, ਕਿਉਂਕਿ ਨਿਊਜ਼ੀਲੈਂਡ ਦੀ ਪੁਲਸ ਜੇਕਰ ਇਹਨਾਂ ਲੁਟੇਰਿਆਂ ਨੂੰ ਫੜ ਵੀ ਲੈਂਦੀ ਹੈ ਤਾਂ ਦੇਸ਼ ਦਾ ਨਰਮ ਕਾਨੂੰਨ ਇਹਨਾਂ ਲੁਟੇਰਿਆਂ ਨੂੰ ਕੋਈ ਸਖ਼ਤ ਸਜ਼ਾ ਨਹੀਂ ਦਿੰਦਾ, ਜਿਸ ਕਾਰਨ ਇਹ ਜਲਦੀ ਹੀ ਬਾਹਰ ਆ ਮੁੜ ਬੇਖੌਫ ਹੋ ਕੇ ਇਹਨਾਂ ਵਾਰਦਤਾਂ ਨੂੰ ਅੰਜਾਮ ਦੇਣ ਲੱਗ ਜਾਂਦੇ ਹਨ। 

“ਜਨਕ ਪਟੇਲ” ਦੇ ਸਸਕਾਰ ਮੌਕੇ ਜਿੱਥੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ, ਉਥੇ ਹੀ ਪ੍ਰਧਾਨ ਮੰਤਰੀ ਨੇ ਸਸਕਾਰ ਮੌਕੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ। ਸਰਕਾਰ ‘ਤੇ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਸੈਂਕੜੇ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਐੱਮ. ਪੀ. ਹਲਕੇ ਦੇ ਦਫ਼ਤਰ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ ਅਤੇ ਚੱਕਾ ਜ਼ਾਮ ਕੀਤਾ। ਜਦੋਂ ਕਈ ਘੰਟੇ ਉਡੀਕਣ ਅਤੇ ਨਾਅਰੇਬਾਜ਼ੀ ਤੋਂ ਬਾਅਦ ਵੀ ਪੀ. ਐੱਮ. ਦੇ ਦਫ਼ਤਰ ਤੋਂ ਕੋਈ ਵੀ ਨੁਮਾਇੰਦਾ ਆਏ ਹੋਏ ਲੋਕਾਂ ਦੀ ਸਾਰ ਲੈਣ ਨਹੀਂ ਆਇਆ ਤਾਂ ਗੁੱਸੇ ਵਿੱਚ ਲੋਕਾਂ ਨੇ ਦਫ਼ਤਰ ਦੀਆਂ ਕੰਧਾਂ ‘ਤੇ ” Enough is Enough” ਅਤੇ ” We want justice” ਦੇ ਪੋਸਟਰ ਚਿਪਕਾ ਦਿੱਤੇ। ਆਪ ਮੁਹਾਰੇ ਇਕੱਠੇ ਹੋਏ ਲੋਕਾਂ ਨੇ ਇਸ ਜੱਦੋ-ਜਹਿਦ ਨੂੰ ਅੱਗੇ ਜਾਰੀ ਰੱਖਣ ਲਈ 4 ਦਸੰਬਰ ਨੂੰ ਆਕਲੈਂਡ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਔਟੇਆ ਸਕੇੁਅਰ ਵਿੱਚ ਬਾਅਦ ਦੁਪਿਹਰ 2 ਵਜੇ ਇੱਕ ਦੇਸ਼ ਵਿਆਪੀ ਇਕੱਠ ਦਾ ਸੱਦਾ ਦਿੱਤਾ ਹੈ, ਜਿਸ ਵਿੱਚ ਹਜ਼ਾਰਾਂ ਲੋਕਾਂ ਦੇ ਪਹੁੰਚਣ ਦੀ ਆਸ ਹੈ। ਅੱਜ ਵੀ ਇਸ ਰੋਸ ਮੁਜਾਹਰੇ ਨੂੰ ਸਪੋਰਟ ਕਰਨ ਲਈ ਦੇਸ਼ ਭਰ ਦੇ ਭਾਰਤੀ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਦੁਪਿਹਰ 12.30 ਤੋ 2.30 ਬੰਦ ਰੱਖੇ। ਜ਼ਿਕਰਯੋਗ ਹੈ ਕਿ ਜਨਕ ਪਟੇਲ ਭਾਰਤ ਦੇ ਸੂਬੇ ਗੁਜਰਾਤ ਤੋਂ ਸੀ ਅਤੇ ਉਸ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।

ਦੱਸ ਦੇਈਏ ਕਿ ਜਨਕ ਪਟੇਲ ਆਕਲੈਂਡ ਦੇ ਸੈਂਡਰਿੰਘਮ ’ਚ ਰੋਜ਼ ਕਾਟੇਜ ਸੁਪਰੇਟ ਡੇਅਰੀ ’ਚ ਕੰਮ ਕਰਦੇ ਸਨ, 23 ਨਵੰਬਰ ਰਾਤ 8 ਵਜੇ ਇਕ ਚੋਰ ਸਟੋਰ ’ਚ ਦਾਖ਼ਲ ਹੋਇਆ ਅਤੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲੈ ਗਿਆ। ਜਨਕ ਨੇ ਚੋਰ ਦਾ 100 ਮੀਟਰ ਤੱਕ ਪਿੱਛਾ ਕੀਤਾ ਅਤੇ ਲਲਕਾਰਿਆ, ਜਿਸ ’ਤੇ ਚੋਰ ਅਤੇ ਉਸ ਦੇ ਸਾਥੀ ਨੇ ਚਾਕੂ ਕੱਢ ਲਿਆ ਅਤੇ ਜਨਕ ’ਤੇ ਕਈ ਵਾਰ ਕੀਤੇ। ਗੰਭੀਰ ਰੂਪ ’ਚ ਜ਼ਖ਼ਮੀ ਜਨਕ ਵਾਪਸ ਡੇਅਰੀ ਵੱਲ ਆਇਆ ਅਤੇ ਉਸ ਨੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ। ਬਾਅਦ ’ਚ ਹਸਪਤਾਲ ’ਚ ਜਨਕ ਦੀ ਮੌਤ ਹੋ ਗਈ। 

Add a Comment

Your email address will not be published. Required fields are marked *