ਤਾਮਿਲ ਅਦਾਕਾਰਾ ਗੌਤਮੀ ਨੇ ਛੱਡੀ ਭਾਜਪਾ
October 25, 2023
![](http://mehakewattan.com/wp-content/uploads/2023/10/2023_10image_11_00_107548214gautami-ll.jpg)
ਚੇਨਈ – ਮਸ਼ਹੂਰ ਤਾਮਿਲ ਅਦਾਕਾਰਾ ਗੌਤਮੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲੋਂ ਆਪਣਾ 25 ਸਾਲ ਪੁਰਾਣਾ ਨਾਤਾ ਤੋੜ ਲਿਆ ਹੈ। ਉਸ ਨੇ ਦੋਸ਼ ਲਾਇਆ ਕਿ ਪਾਰਟੀ ਦੇ ਇਕ ਹਿੱਸੇ ਨੇ ਉਸ ਵਿਅਕਤੀ ਦੀ ਹਮਾਇਤ ਕੀਤੀ, ਜਿਸ ਨੇ ਉਸ ਨਾਲ ਕਥਿਤ ਤੌਰ ’ਤੇ ਧੋਖਾ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਅਪਲੋਡ ਕੀਤੇ ਇਕ ਬਿਆਨ ’ਚ ਉਸ ਨੇ ਕਿਹਾ ਕਿ ਪਾਰਟੀ ਨੇ ਸੂਬੇ ’ਚ 2021 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਪਰ ਆਖਰੀ ਸਮੇਂ ’ਚ ਪਾਰਟੀ ਪਿੱਛੇ ਹਟ ਗਈ। ਫਿਰ ਵੀ ਉਹ ਭਾਜਪਾ ਪ੍ਰਤੀ ਵਚਨਬੱਧ ਰਹੀ।
ਉਸ ਨੇ ਕਿਹਾ ਕਿ ਮੈਂ ਭਰੇ ਦਿਲ ਤੇ ਨਿਰਾਸ਼ਾ’ ਨਾਲ ਪਾਰਟੀ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ। ਆਪਣੀ ਸੋਸ਼ਲ ਮੀਡੀਆ ਪੋਸਟ ’ਚ ਉਸ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ, ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਮੁਖੀ ਕੇ. ਅੰਨਾਮਾਲਾਈ ਤੇ ਹੋਰਾਂ ਨੂੰ ਟੈਗ ਕੀਤਾ ਹੈ।