ਨੇਪਾਲ ਦੇ ਰਾਸ਼ਟਰਪਤੀ ਨੇ 501 ਕੈਦੀਆਂ ਨੂੰ ਦਿੱਤੀ ਮੁਆਫ਼ੀ
ਕਾਠਮੰਡੂ : ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਐਤਵਾਰ ਨੂੰ ਉਮਰ ਕੈਦ ਦੀ ਸਜ਼ਾ ਕੱਟ ਰਹੇ ਥਰੂਹਾਟ ਨੇਤਾ ਅਤੇ ਸਿਵਲ ਲਿਬਰੇਸ਼ਨ ਪਾਰਟੀ ਦੇ ਮੁਖੀ ਰੇਸ਼ਮ ਚੌਧਰੀ ਸਮੇਤ 501 ਦੋਸ਼ੀਆਂ ਨੂੰ ਮੁਆਫ਼ੀ ਦੇ ਦਿੱਤੀ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ 19 ਸਿਆਸੀ ਕੈਦੀਆਂ ਸਮੇਤ 501 ਕੈਦੀਆਂ ਨੂੰ ‘ਰਾਸ਼ਟਰਪਤੀ ਮੁਆਫ਼ੀ’ ਤਹਿਤ ਰਿਹਾਅ ਕਰਨ ਦੀ ਸਿਫਾਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਚੌਧਰੀ 2015 ‘ਚ ਕੈਲਾਲੀ ਜ਼ਿਲ੍ਹੇ ਦੇ ਟੀਕਾਪੁਰ ਇਲਾਕੇ ‘ਚ ਥਰੂਹਾਟ ਅੰਦੋਲਨ ਨਾਲ ਜੁੜੇ ਦੰਗਿਆਂ ਦੌਰਾਨ 8 ਪੁਲਸ ਕਰਮਚਾਰੀਆਂ ਸਮੇਤ 9 ਲੋਕਾਂ ਦੀ ਹੱਤਿਆ ਕਰਨ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸਾਬਕਾ ਨੌਕਰਸ਼ਾਹਾਂ ਅਤੇ ਸਿਵਲ ਸੁਸਾਇਟੀ ਦੇ ਆਗੂਆਂ ਨੇ ਸਰਕਾਰ ਦੇ ਇਸ ਕਦਮ ‘ਤੇ ਚਿੰਤਾ ਪ੍ਰਗਟਾਈ ਹੈ।
ਸਾਬਕਾ ਸਕੱਤਰ ਸ਼ੰਕਰ ਪ੍ਰਸਾਦ ਕੋਇਰਾਲਾ ਨੇ ਕਿਹਾ, “ਇਸ ਨਾਲ ਰਾਜਨੀਤੀ ਦਾ ਅਪਰਾਧੀਕਰਨ ਹੋਵੇਗਾ। ਇਹ ਕਾਨੂੰਨ ਦੇ ਰਾਜ ਲਈ ਵੀ ਗੰਭੀਰ ਖ਼ਤਰਾ ਪੈਦਾ ਕਰੇਗਾ।” ਸਰਕਾਰ 29 ਮਈ, ਗਣਤੰਤਰ ਦਿਵਸ ‘ਤੇ ਕੈਦੀਆਂ ਨੂੰ ਰਿਹਾਅ ਕਰੇਗੀ। ਪਿਛਲੇ ਸਾਲ ਦਸੰਬਰ ‘ਚ ਸਰਕਾਰ ਨੇ ਚੌਧਰੀ ਨੂੰ ਰਿਹਾਅ ਕਰਨ ਲਈ ਆਰਡੀਨੈਂਸ ਵੀ ਲਿਆਂਦਾ ਸੀ ਪਰ ਬਾਅਦ ਵਿੱਚ ਇਸ ਕਦਮ ਤੋਂ ਪਿੱਛੇ ਹਟ ਗਈ ਸੀ।

