ਖ਼ੌਫ਼ਨਾਕ ਵਾਰਦਾਤਾਂ ਨਾਲ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ

ਮੋਹਾਲੀ – ਸਟੇਟ ਸਪੈਸ਼ਲ ਆਪਰੇਟਿੰਗ ਸੈੱਲ ਮੋਹਾਲੀ ਨੇ ਕੈਨੇਡਾ ਸਥਿਤ ਗੈਂਗਸਟਰ ਸੁੱਖਾ ਦੁੱਨੇਕੇ ਗੈਂਗ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪੰਜਾਬ ਵਿਚ ਸਰਗਰਮ ਫਿਰੌਤੀ ਮਾਡਿਊਲ ਚਲਾ ਰਹੇ ਸਨ ਤੇ ਆਪਣੇ ਹੋਰ ਸਾਥੀਆਂ ਨੂੰ ਹਥਿਆਰ ਤੇ ਗੋਲਾ-ਬਾਰੂਦ ਦੀ ਸਪਲਾਈ ਕਰ ਰਹੇ ਸਨ, ਜਿਸ ਦਾ ਉਦੇਸ਼ ਟਾਰਗੇਟ ਕਿਲਿੰਗਜ਼ ਨੂੰ ਅੰਜਾਮ ਦੇਣਾ ਸੀ। ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (SSOC) ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਹਥਿਆਰ ਵੀ ਬਰਾਮਦ ਕਰ ਲਏ ਹਨ।

ਸਟੇਟ ਸਪੈਸ਼ਲ ਆਪਰੇਟਿੰਗ ਸੈੱਲ ਮੋਹਾਲੀ ਨੂੰ ਸੂਹ ਮਿਲੀ ਸੀ ਕਿ ਕੈਨੇਡਾ ਸਥਿਤ ਗੈਂਗਸਟਰ ਸੁੱਖਾ ਦੁੱਨੇਕੇ ਗੈਂਗ ਦੇ ਕੁਝ ਮੈਂਬਰ ਪੰਜਾਬ ਰਾਜ ਵਿਚ ਕਾਰੋਬਾਰੀਆਂ ਅਤੇ ਪ੍ਰਭਾਵਸ਼ਾਲੀ ਵਿਅਕਤੀ ਤੋਂ ਫਿਰੌਤੀ ਕਰ ਰਹੇ ਹਨ। ਇਸ ਤਰ੍ਹਾਂ ਪੰਜਾਬ ਦੇ ਖੇਤਰ ਵਿਚ ਸਰਗਰਮ ਇਕ ਫਿਰੌਤੀ ਮਾਡਿਊਲ ਚਲਾ ਰਹੇ ਹਨ। ਇਸ ਦੇ ਨਾਲ ਹੀ ਗਿਰੋਹ ਦੇ ਮੈਂਬਰ ਆਪਣੇ ਹੋਰ ਸਾਥੀਆਂ ਨੂੰ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਪਲਾਈ ਕਰ ਰਹੇ ਹਨ ਜਿਸ ਦਾ ਉਦੇਸ਼ ਇਸ ਗਿਰੋਹ ਦੇ ਨਾਮ ’ਤੇ ਖੇਤਰ ਵਿਚ ਕੁਝ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣਾ ਹੈ। ਇਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਐੱਸ. ਐੱਸ. ਓ. ਸੀ. ਨੇ ਗਿਰੋਹ ਨਾਲ ਸਬੰਧਤ ਤਿੰਨ ਮੁੱਖ ਸਰਗਨਾ ਵਿਸ਼ਾਲ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਡਾ: ਅੰਬੇਡਕਰ ਨਗਰ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ, ਰਣਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਬਡਬਰ ਬਰਨਾਲਾ ਅਤੇ ਮੋਨੂੰ ਕੁਮਾਰ ਉਰਫ ਮੋਨੂੰ ਗੁੱਜਰ ਪੁੱਤਰ ਗੱਜਣ ਸਿੰਘ ਵਾਸੀ ਪਾਤੜਾਂ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ । ਪੁਲਸ ਨੇ ਵਿਸ਼ਾਲ ਦੇ ਕਬਜ਼ੇ ’ਚੋਂ 1 ਪਿਸਤੌਲ 32 ਬੋਰ ਅਤੇ 8 ਜਿੰਦਾ ਰੌਂਦ ਅਤੇ ਮੋਨੂੰ ਕੁਮਾਰ ਉਰਫ਼ ਮੋਨੂੰ ਗੁੱਜਰ ਦੇ ਕਬਜ਼ੇ ’ਚੋਂ 4 ਜਿੰਦਾ ਰੌਂਦ ਸਮੇਤ 1 ਪਿਸਤੌਲ 32 ਬੋਰ ਅਤੇ 8 ਜਿੰਦਾ ਰੌਂਦ ਕੁੱਲ 2 ਪਿਸਤੌਲ 32 ਬੋਰ ਅਤੇ 12 ਜਿੰਦਾ ਰੌਂਦ ਬਰਾਮਦ ਕੀਤੇ ਹਨ।

ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਤੋਂ ਪਤਾ ਲੱਗਾ ਕਿ ਸਤੰਬਰ 2023 ਵਿਚ ਸੁੱਖਾ ਦੁੱਨੇਕੇ ਨੇ ਵਿਸ਼ਾਲ ਨੂੰ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਪੰਜਾਬ ਵਿਚ ਇਕ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਸੀ। ਵਿਸ਼ਾਲ ਨੇ ਆਪਣੇ ਸਾਥੀਆਂ ਰਣਵੀਰ ਸਿੰਘ ਅਤੇ ਮੋਨੂੰ ਕੁਮਾਰ ਉਰਫ਼ ਗੁੱਜਰ ਦੀ ਸਿੱਧੀ ਸੁੱਖਾ ਦੁੱਨੇਕੇ ਨਾਲ ਜਾਣ-ਪਛਾਣ ਕਰਵਾਈ ਅਤੇ ਸੁੱਖਾ ਦੁੱਨੇਕੇ ਵਲੋਂ ਉਸ ਨੂੰ ਦਿੱਤੇ ਗਏ ਕੰਮ ਨੂੰ ਅੰਜਾਮ ਦੇਣ ਲਈ ਯੋਜਨਾਬੰਦੀ ਵਿਚ ਸ਼ਾਮਲ ਹੋ ਗਿਆ। ਤਿੰਨੋਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ, ਜਦੋਂ ਕਿ ਵਿਸ਼ਾਲ ਅਤੇ ਰਣਵੀਰ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਕੇਸ ਦਰਜ ਹਨ, ਜਦੋਂਕਿ ਮਨੂ ਕੁਮਾਰ ਉਰਫ਼ ਗੁੱਜਰ ਯੂ. ਏ. (ਪੀ) ਐਕਟ ਤਹਿਤ ਕੇਸ ਵਿਚ ਭਗੌੜਾ ਹੈ ਅਤੇ ਉਸ ਖ਼ਿਲਾਫ਼ ਕਤਲ, ਅਗਵਾ, ਲੁੱਟ-ਖੋਹ ਦੇ ਵੀ ਕੇਸ ਦਰਜ ਹਨ। ਉਸ ਦੇ ਖ਼ਿਲਾਫ਼ ਪੰਜਾਬ ਪੁਲਸ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਗਿਰੋਹ ਦੇ ਹੋਰ ਮੈਡਿਊਲ ਮੈਂਬਰਾਂ ਨੂੰ ਫੜਨ ਲਈ ਛਾਪਾਮਾਰੀ ਕਰ ਰਿਹਾ ਹੈ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।

Add a Comment

Your email address will not be published. Required fields are marked *