ਪਾਕਿਸਤਾਨ ਦੀ ਲਗਾਤਾਰ ਦੂਜੀ ਹਾਰ, ਆਸਟ੍ਰੇਲੀਆ ਨੇ 62 ਦੌੜਾਂ ਨਾਲ ਹਰਾਇਆ

ਅੱਜ ਪਾਕਿਸਤਾਨ ਨੂੰ ਵਿਸ਼ਵ ਕੱਪ 2023 ਵਿਚ ਲਗਾਤਾਰ ਦੂਜੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 14 ਅਕਤੂਬਰ ਨੂੰ ਭਾਰਤ ਹੱਥੋਂ 7 ਵਿਕਟਾਂ ਨਾਲ ਹਾਰਨ ਮਗਰੋਂ ਅੱਜ ਪਾਕਿਸਤਾਨ ਨੂੰ ਆਸਟ੍ਰੇਲੀਆ ਦੀ ਟੀਮ ਨੇ 62 ਦੌੜਾਂ ਨਾਲ ਮਾਤ ਦਿੱਤੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ਾਂ ਨੇ ਇਸ ਫ਼ੈਸਲੇ ਨੂੰ ਪੂਰੀ ਤਰ੍ਹਾਂ ਗਲਤ ਸਾਬਿਤ ਕਰ ਦਿੱਤਾ। ਡੇਵਿਡ ਵਾਰਨਰ ਅਤੇ ਮਿਚੇਲ ਮਾਰਸ਼ ਨੇ ਆਸਟ੍ਰੇਲੀਆ ਨੂੰ ਪਹਿਲੀ ਵਿਕਟ ਲਈ 259 ਦੌੜਾਂ ਦੀ ਸਾਂਝੇਦਾਰੀ ਨਾਲ ਜ਼ਬਰਦਸਤ ਸ਼ੁਰੂਆਤ ਦਵਾਈ। 

ਡੇਵਿਡ ਵਾਰਨਰ ਨੇ 163 ਜਦਕਿ ਮਿਚੇਲ ਮਾਰਸ਼ ਨੇ 121 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਇਸ ਮਗਰੋਂ ਪਾਕਿਸਤਾਨੀ ਗੇਂਦਬਾਜ਼ਾਂ ਨੇ ਟੀਮ ਨੂੰ ਵਾਪਸੀ ਕਰਵਾਈ ਤੇ ਹੋਰ ਕਿਸੇ ਵੀ ਬੱਲੇਬਾਜ਼ ਨੂੰ ਚੱਲਣ ਨਹੀਂ ਦਿੱਤਾ। ਸ਼ਾਹੀਨ ਸ਼ਾਹ ਅਫ਼ਰੀਦੀ ਨੇ 5 ਅਤੇ ਹਾਰਿਸ ਰਊਫ਼ ਨੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਆਸਟ੍ਰੇਲੀਆ ਦੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿਚ 9 ਵਿਕਟਾਂ ਗੁਆ ਕੇ 367 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 368 ਦੌੜਾਂ ਦਾ ਟੀਚਾ ਦਿੱਤਾ। 

ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੂੰ ਵੀ ਸਲਾਮੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਦਵਾਈ। ਅਬਦੁੱਲਾ ਸ਼ਫ਼ੀਕ ਤੇ ਇਮਾਮ ਉਲ ਹੱਕ ਵਿਚਾਲੇ ਪਹਿਲੀ ਵਿਕਟ ਲਈ 134 ਦੌੜਾਂ ਦੀ ਸਾਂਝੇਦਾਰੀ ਹੋਈ। ਇਮਾਮ ਉਲ ਹੱਕ ਨੇ 70 ਅਤੇ ਅਬਦੁੱਲਾ ਸ਼ਫ਼ੀਕ ਨੇ 64 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਮੁਹੰਮਦ ਰਿਜ਼ਵਾਨ (46) ਤੇ ਸਊਦ ਸ਼ਕੀਲ (30) ਨੇ ਵੀ ਚੰਗੀਆਂ ਪਾਰੀਆਂ ਖੇਡੀਆਂ। ਪਰ ਆਸਟ੍ਰੇਲੀਆਈ ਗੇਂਦਬਾਜ਼ਾਂ ਦੀ ਸ਼ਾਨਦਾਰ ਵਾਪਸੀ ਨੇ ਪਾਕਿਸਤਾਨ ਨੂੰ ਟੀਚੇ ਦੇ ਕਰੀਬ ਵੀ ਨਹੀਂ ਪਹੁੰਚਣ ਦਿੱਤਾ। ਐਡਮ ਜ਼ਾਂਪਾ ਨੇ 4 ਜਦਕਿ ਪੈਟ ਕਮਿੰਸ ਤੇ ਮਾਰਕਸ ਸਟੋਇਨਿਸ ਨੇ 2-2 ਵਿਕਟਾਂ ਆਪਣੇ ਨਾਂ ਕੀਤੀਆਂ। ਪਾਕਿਸਤਾਨ ਦੀ ਟੀਮ 45.3 ਓਵਰਾਂ ਵਿਚ 305 ਦੌੜਾਂ ‘ਤੇ ਹੀ ਢੇਰ ਹੋ ਗਈ ਤੇ 62 ਦੌੜਾਂ ਨਾਲ ਇਹ ਮੁਕਾਬਲਾ ਗੁਆ ਬੈਠੀ।

Add a Comment

Your email address will not be published. Required fields are marked *