ਵਿਨੇਸ਼ ਤੇ ਬਜਰੰਗ ਨੂੰ ਟਰਾਇਲ ਤੋਂ ਮਿਲੀ ਛੋਟ ਵਿਚ ਦਖ਼ਲ ਦੇਣ ਤੋਂ ਅਦਾਲਤ ਦੀ ਨਾਂਹ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਏਸ਼ਿਆਈ ਖੇਡਾਂ ਦੇ ਟਰਾਇਲ ਵਿਚ ਦਿੱਤੀ ਗਈ ਛੋਟ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਸੁਬਰਾਮਣੀਅਮ ਪ੍ਰਸਾਦ ਨੇ ਅੰਡਰ-20 ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਤੇ ਅੰਡਰ-23 ਏਸ਼ਿਆਈ ਚੈਂਪੀਅਨ ਸੁਜੀਤ ਕਲਕਲ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਖਾਰਜ ਕਰ ਦਿੱਤੀ ਜਿਸ ਵਿਚ ਉਨ੍ਹਾਂ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਟੂਰਨਾਮੈਂਟ ਵਿਚ ਸਿੱਧੇ ਦਾਖਲਾ ਦੇਣ ਖ਼ਿਲਾਫ਼ ਅਪੀਲ ਕੀਤੀ ਸੀ। ਜੱਜ ਨੇ ਕਿਹਾ, ‘ਰਿਟ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।’ ਅਦਾਲਤ ਦਾ ਹੁਕਮ ਵਿਸਤਾਰਵਿੱਚ ਰਿਲੀਜ਼ ਕੀਤਾ ਜਾਣਾ ਅਜੇ ਬਾਕੀ ਹੈ। ਫੋਗਾਟ (53 ਕਿਲੋ) ਅਤੇ ਪੂਨੀਆ (65 ਕਿਲੋ) ਨੂੰ ਭਾਰਤੀ ਉਲੰਪਿਕ ਸੰਘ ਦੀ ਐਡ-ਹਾਕ ਕਮੇਟੀ ਨੇ ਮੰਗਲਵਾਰ ਏਸ਼ਿਆਈ ਖੇਡਾਂ ਵਿਚ ਸਿੱਧਾ ਦਾਖਲਾ ਦੇਣ ਦਾ ਫ਼ੈਸਲਾ ਕੀਤਾ ਸੀ। ਦੂਜੇ ਪਹਿਲਵਾਨਾਂ ਲਈ ਟਰਾਇਲ 22 ਅਤੇ 23 ਜੁਲਾਈ ਨੂੰ ਹੋਣੇ ਹਨ। ਪੰਘਾਲ ਤੇ ਕਲਕਲ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨ ਵਿਚ ਉਨ੍ਹਾਂ ਕਮੇਟੀ ਦੇ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।