ਵਿਰਾਟ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 17ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਗਿਆ। ਭਾਰਤ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਤਨਜੀਦ ਹਸਨ ਅਤੇ ਲਿਟਨ ਦਾਸ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੂੰ 8 ਵਿਕਟਾਂ ਦੇ ਨੁਕਸਾਨ ‘ਤੇ 257 ਦੌੜਾਂ ਦਾ ਟੀਚਾ ਦਿੱਤਾ। ਤਨਜੀਦ ਹਸਨ ਨੇ 43 ਗੇਂਦਾਂ ਵਿੱਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਜਦਕਿ ਲਿਟਨ ਦਾਸ ਨੇ 82 ਗੇਂਦਾਂ ਵਿੱਚ 7 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਉਥੇ ਹੀ ਮਹਿਮੂਦੁੱਲਾ ਨੇ 36 ਗੇਂਦਾਂ ‘ਚ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਵੀ ਖਿਡਾਰੀ ਪ੍ਰਭਾਵਸ਼ਾਲੀ ਬੱਲੇਬਾਜ਼ੀ ਨਹੀਂ ਕਰ ਸਕਿਆ। ਟੀਚਾ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ 41.3 ਓਵਰਾਂ ‘ਚ 3 ਵਿਕਟਾਂ ਗੁਆ ਕੇ 261 ਦੌੜਾਂ ਬਣਾਈਆਂ ਤੇ 7 ਵਿਕਟਾਂ ਨਾਲ ਮੈਚ ਜਿੱਤ ਲਿਆ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 48 ਦੌੜਾਂ ਬਣਾ ਹਸਨ ਮਹਿਮੂਦ ਵਲੋਂ ਆਊਟ ਹੋਇਆ। ਭਾਰਤ ਨੂੰ ਦੂਜਾ ਝਟਕਾ ਸ਼ੁਭਮਨ ਗਿੱਲ ਦੇ ਆਊਟ ਹੋਣ ਨਾਲ ਲੱਗਾ। ਸ਼ੁਭਮਨ 55 ਦੌੜਾਂ ਬਣਾ ਮੇਹਿਦੀ ਹਸਨ ਮਿਰਾਜ਼ ਵਲੋਂ ਆਊਟ ਹੋਇਆ। ਭਾਰਤ ਦੀ ਤੀਜੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ ‘ਤੇ ਡਿੱਗੀ। ਸ਼੍ਰੇਅਸ 18 ਦੌੜਾਂ ਬਣਾ ਮੇਹਿਦੀ ਹਸਨ ਮਿਰਾਜ਼ ਵਲੋਂ ਆਊਟ ਹੋਇਆ। ਵਿਰਾਟ ਕੋਹਲੀ ਨੇ ਸ਼ਾਨਦਾਰ 103 ਦੌੜਾਂ ਬਣਾਈਆਂ। ਵਿਰਾਟ ਨੇ ਆਪਣੀ ਪਾਰੀ ਦੇ ਦੌਰਾਨ 6 ਚੌਕੇ 4 ਛੱਕੇ ਲਾਏ। ਕੇ. ਐੱਲ. ਰਾਹੁਲ ਨੇ 34 ਦੌੜਾਂ ਦਾ ਯੋਗਦਾਨ ਦਿੱਤਾ।

