ਇਜ਼ਰਾਈਲ ਪਹੁੰਚੇ ਬ੍ਰਿਟਿਸ਼ PM ਰਿਸ਼ੀ ਸੁਨਕ ਦਾ ਵੱਡਾ ਬਿਆਨ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹਮਾਸ ਨਾਲ ਚੱਲ ਰਹੀ ਜੰਗ ਦਰਮਿਆਨ ਇਜ਼ਰਾਈਲ ਦੌਰੇ ‘ਤੇ ਪਹੁੰਚ ਗਏ ਹਨ। ਇੱਥੇ ਰਿਸ਼ੀ ਸੁਨਕ ਨੇ ਕਿਹਾ ਕਿ ਉਹ ਅੱਤਵਾਦ ਦੇ ਖ਼ਿਲਾਫ਼ ਇਜ਼ਰਾਈਲ ਦੇ ਨਾਲ ਹਮੇਸ਼ਾ ਖੜ੍ਹੇ ਹਨ। ਇਸ ਤੋਂ ਪਹਿਲਾਂ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਇਜ਼ਰਾਈਲ ਲਈ ਆਪਣਾ ਸਮਰਥਨ ਦਿਖਾਉਣ ਲਈ ਉੱਥੋਂ ਦਾ ਦੌਰਾ ਕੀਤਾ ਸੀ। ਰਿਸ਼ੀ ਸੁਨਕ ਨੇ ਟਵੀਟ ਕਰਕੇ ਕਿਹਾ, “ਮੈਂ ਇਜ਼ਰਾਈਲ ਵਿੱਚ ਹਾਂ। ਰਾਸ਼ਟਰ ਸੋਗ ਵਿੱਚ ਹੈ। ਮੈਂ ਤੁਹਾਡੇ ਨਾਲ ਦੁਖੀ ਹਾਂ ਅਤੇ ਅੱਤਵਾਦ ਵਰਗੀ ਬੁਰਾਈ ਦੇ ਖ਼ਿਲਾਫ਼ ਤੁਹਾਡੇ ਨਾਲ ਖੜ੍ਹਾ ਹਾਂ ਅਤੇ ਹਮੇਸ਼ਾ ਖੜ੍ਹਾ ਰਹਾਂਗਾ।”

ਬ੍ਰਿਟਿਸ਼ PM ਰਿਸ਼ੀ ਸੁਨਕ ਇਜ਼ਰਾਈਲ ਨਾਲ ਇਕਜੁੱਟਤਾ ਦਿਖਾਉਣ ਲਈ ਇਜ਼ਰਾਈਲ ਪਹੁੰਚੇ ਹਨ। ਇੱਥੇ ਉਹ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਮੁਲਾਕਾਤ ਕਰਨਗੇ। ਬ੍ਰਿਟਿਸ਼ ਪੀਐੱਮਓ ਦੇ ਬਿਆਨ ਮੁਤਾਬਕ ਸੁਨਕ ਇਜ਼ਰਾਈਲ ‘ਤੇ ਹਮਾਸ ਦੇ ਅੱਤਵਾਦੀ ਹਮਲੇ ਦੀ ਨਿੰਦਾ ਕਰਨਗੇ। ਇਸ ਤੋਂ ਇਲਾਵਾ ਉਹ ਪਿਛਲੇ 2 ਹਫ਼ਤਿਆਂ ਤੋਂ ਚੱਲ ਰਹੀ ਜੰਗ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨਗੇ। ਬ੍ਰਿਟਿਸ਼ ਪੀਐੱਮਓ ਦੇ ਬਿਆਨ ਅਨੁਸਾਰ, ਸੁਨਕ ਇਸ ਗੱਲ ‘ਤੇ ਵੀ ਜ਼ੋਰ ਦੇਣਗੇ ਕਿ ਕਿਸੇ ਵੀ ਨਾਗਰਿਕ ਦੀ ਮੌਤ ਇਕ ਤ੍ਰਾਸਦੀ ਹੈ। ਉਹ ਸਾਥੀ ਨੇਤਾਵਾਂ ਨੂੰ ਕਹਿਣਗੇ ਕਿ ਇਕ ਅੰਤਰਰਾਸ਼ਟਰੀ ਭਾਈਚਾਰੇ ਦੇ ਰੂਪ ਵਿੱਚ ਸਾਨੂੰ ਹਮਾਸ ਦੇ ਵਹਿਸ਼ੀ ਅੱਤਵਾਦ ਨੂੰ ਖੇਤਰ ਵਿੱਚ ਵਧਦੇ ਸੰਘਰਸ਼ ਲਈ ਉਤਪ੍ਰੇਰਕ ਨਹੀਂ ਬਣਨ ਦੇਣਾ ਚਾਹੀਦਾ।

ਰਿਸ਼ੀ ਸੁਨਕ ਨੇ ਗਾਜ਼ਾ ਹਸਪਤਾਲ ‘ਤੇ ਹਮਲੇ ਨੂੰ ਖੇਤਰ ਅਤੇ ਦੁਨੀਆ ਭਰ ਦੇ ਨੇਤਾਵਾਂ ਲਈ ਸੰਘਰਸ਼ ਨੂੰ ਹੋਰ ਖ਼ਤਰਨਾਕ ਢੰਗ ਨਾਲ ਵਧਣ ਤੋਂ ਰੋਕਣ ਲਈ ਇਕੱਠੇ ਹੋਣ ਲਈ ਇਕ ਮਹੱਤਵਪੂਰਨ ਪਲ ਦੱਸਿਆ। ਇਜ਼ਰਾਈਲ ਦੀ ਆਪਣੀ ਯਾਤਰਾ ‘ਤੇ ਸੁਨਕ ਜਿੰਨੀ ਜਲਦੀ ਹੋ ਸਕੇ ਗਾਜ਼ਾ ਵਿੱਚ ਮਾਨਵਤਾਵਾਦੀ ਗਲਿਆਰਾ ਖੋਲ੍ਹਣ ‘ਤੇ ਜ਼ੋਰ ਦੇਣਗੇ। ਇਸ ਬਿਆਨ ਮੁਤਾਬਕ ਜਦੋਂ ਰਿਸ਼ੀ ਸੁਨਕ ਇਜ਼ਰਾਈਲ ‘ਚ ਹੋਣਗੇ, ਉਸੇ ਸਮੇਂ ਵਿਦੇਸ਼ ਮੰਤਰੀ ਜੇਮਸ ਕਲੀਵਰਲੀ ਮਿਸਰ, ਤੁਰਕੀ ਅਤੇ ਕਤਰ ‘ਚ ਹੋਣਗੇ। ਇਸ ਤੋਂ ਇਲਾਵਾ ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਨੇ ਬੁੱਧਵਾਰ ਨੂੰ ਵਾਸ਼ਿੰਗਟਨ ‘ਚ ਆਪਣੇ ਅਮਰੀਕੀ ਹਮਰੁਤਬਾ ਲੋਇਡ ਆਸਟਿਨ ਨਾਲ ਮੁਲਾਕਾਤ ਕੀਤੀ।

ਅਮਰੀਕਾ, ਬ੍ਰਿਟੇਨ, ਜਰਮਨੀ ਤੇ ਫਰਾਂਸ ਸਮੇਤ ਸਾਰੇ ਪੱਛਮੀ ਦੇਸ਼ਾਂ ਨੇ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ। ਨਾਲ ਹੀ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਗਿਆ ਹੈ। ਇੰਨਾ ਹੀ ਨਹੀਂ, ਅਮਰੀਕਾ ਅਤੇ ਬ੍ਰਿਟੇਨ ਨੇ ਵੀ ਇਜ਼ਰਾਈਲ ਖ਼ਿਲਾਫ਼ ਦੂਜੇ ਦੇਸ਼ਾਂ ਦੇ ਜੰਗ ‘ਚ ਦਾਖਲ ਹੋਣ ਦੇ ਡਰ ਨੂੰ ਦੇਖਦਿਆਂ ਆਪਣੇ ਜੰਗੀ ਜਹਾਜ਼ ਇਜ਼ਰਾਈਲ ਸਰਹੱਦ ਨੇੜੇ ਤਾਇਨਾਤ ਕਰ ਦਿੱਤੇ ਹਨ।

Add a Comment

Your email address will not be published. Required fields are marked *