ਵਿਵਾਦਾਂ ‘ਚ ਘਿਰੇ Dabur Hair Products, ਅਮਰੀਕਾ ਤੇ ਕੈਨੇਡਾ ‘ਚ ਦਰਜ ਹੋਏ 5400 ਮਾਮਲੇ

ਨਵੀਂ ਦਿੱਲੀ – ਡਾਬਰ ਇੰਡੀਆ (Dabur India) ਦੀਆਂ ਤਿੰਨ ਵਿਦੇਸ਼ੀ ਸਹਾਇਕ ਕੰਪਨੀਆਂ ਦੇ ਖ਼ਿਲਾਫ਼ ਅਮਰੀਕਾ ਅਤੇ ਕੈਨੇਡਾ ਵਿੱਚ ਮੁਕੱਦਮੇ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਡਾਬਰ ਦੀਆਂ ਸਹਿਯੋਗੀ ਕੰਪਨੀਆਂ ‘ਤੇ ਇਹ ਦੋਸ਼ ਲੱਗੇ ਹਨ ਕਿ ਉਹਨਾਂ ਦੇ ‘ਹੇਅਰ-ਰੀਲੈਕਸਰ’ ਉਤਪਾਦ ਨਾਲ ਬੱਚੇਦਾਨੀ ਦੇ ਕੈਂਸਰ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਯੁਕਤ ਰਾਜ ਅਤੇ ਕੈਨੇਡਾ ਵਿੱਚ ਸੰਘੀ ਅਤੇ ਰਾਜ ਅਦਾਲਤਾਂ ਵਿੱਚ ਕੰਪਨੀਆਂ ਵਿਰੁੱਧ ਕਈ ਮੁਕੱਦਮੇ ਦਾਇਰ ਕੀਤੇ ਗਏ ਹਨ।

ਦੱਸ ਦੇਈਏ ਕਿ ਜਿਹਨਾਂ ਸਹਾਇਕ ਕੰਪਨੀਆਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ, ਉਹਨਾਂ ਦੇ ਨਾਂ ਨਮਸਤੇ ਲੈਬਾਰਟਰੀਜ਼ LLC, ਡਰਮੋਵਿਵਾ ਸਕਿਨ ਅਸੈਂਸ਼ੀਅਲਜ਼ ਇੰਕ. ਅਤੇ ਡਾਬਰ ਇੰਟਰਨੈਸ਼ਨਲ ਲਿਮਿਟੇਡ ਹਨ। ਦੂਜੇ ਪਾਸੇ ਡਾਬਰ ਇੰਡੀਆ ਨੇ ਦੇਰ ਰਾਤ ਸਟਾਕ ਐਕਸਚੇਂਜ ਫਾਈਲਿੰਗ ਵਿੱਚ ਕਿਹਾ, “ਅਮਰੀਕਾ ਅਤੇ ਕੈਨੇਡਾ ਵਿੱਚ ਸੰਘੀ ਅਤੇ ਰਾਜ ਅਦਾਲਤਾਂ ਵਿੱਚ ਮੁਕੱਦਮੇ ਦਾਇਰ ਕੀਤੇ ਗਏ ਹਨ।” 

ਕੰਪਨੀ ਨੇ ਕਿਹਾ ਕਿ ਬਹੁ-ਜ਼ਿਲ੍ਹਾ ਮੁਕੱਦਮੇ ਵਿੱਚ ਲਗਭਗ 5,400 ਮਾਮਲੇ ਹਨ, ਜਿਨ੍ਹਾਂ ਵਿਚ ਨਮਸਤੇ, ਡਰਮੋਵਿਵਾ ਅਤੇ ਡੀਆਈਐਨਟੀਐਲ ਦੇ ਨਾਲ-ਨਾਲ ਕੁਝ ਹੋਰ ਉਦਯੋਗਿਕ ਕੰਪਨੀਆਂ ਨੂੰ ਬਚਾਅ ਪੱਖ ਵਜੋਂ ਨਾਮਜ਼ਦ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਕੁਝ ਖਪਤਕਾਰਾਂ ਨੇ ਦੋਸ਼ ਲਗਾਇਆ ਹੈ ਕਿ ਹੇਅਰ ਰਿਲੈਕਸ ਉਤਪਾਦ ‘ਚ ਕੈਮੀਕਲ ਹੁੰਦੇ ਹਨ ਅਤੇ ਇਸ ਦੀ ਵਰਤੋਂ ਨਾਲ ਬੱਚੇਦਾਨੀ ਦਾ ਕੈਂਸਰ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।  ਤਾਜ਼ਾ ਰਿਪੋਰਟ ਦੇ ਅਨੁਸਾਰ, ਡਾਬਰ ਇੰਡੀਆ ਦੀਆਂ 27 ਸਹਾਇਕ ਕੰਪਨੀਆਂ ਹਨ ਜਿਨ੍ਹਾਂ ਨੇ ਵਿੱਤੀ ਸਾਲ 2022-23 ਵਿੱਚ ਕੰਪਨੀ ਦੀ ਏਕੀਕ੍ਰਿਤ ਸੰਚਾਲਨ ਆਮਦਨ ਵਿੱਚ 26.60 ਫ਼ੀਸਦੀ ਦਾ ਯੋਗਦਾਨ ਪਾਇਆ।

Add a Comment

Your email address will not be published. Required fields are marked *