ਸਿੰਗਾਪੁਰ ਨੇ ਇਜ਼ਰਾਈਲ-ਹਮਾਸ ਸੰਘਰਸ਼ ਦੇ ਸਬੰਧ ‘ਚ ਲੋਕਾਂ ਦੇ ਇਕੱਠੇ ਹੋਣ ‘ਤੇ ਲਾਈ ਪਾਬੰਦੀ

ਸਿੰਗਾਪੁਰ – ਸਿੰਗਾਪੁਰ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਇਜ਼ਰਾਈਲ-ਹਮਾਸ ਸੰਘਰਸ਼ ਦੇ ਸਬੰਧ ਵਿਚ ਲੋਕਾਂ ਦੇ ਇਕੱਠੇ ਹੋਣ ਅਤੇ ਸਮਾਗਮਾਂ ਦੇ ਆਯੋਜਨ ‘ਤੇ ਪਾਬੰਦੀ ਲਗਾਈ ਗਈ ਹੈ। ਸਿੰਗਾਪੁਰ ਪੁਲਸ ਫੋਰਸ (SPF) ਅਤੇ ਨੈਸ਼ਨਲ ਪਾਰਕਸ ਬੋਰਡ (NParks) ਨੇ ਕਿਹਾ ਕਿ ਅਜਿਹੇ ਸਮਾਗਮਾਂ ਦੇ ਆਯੋਜਨ ਸੰਬੰਧੀ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ। ਚੈਨਲ ‘ਨਿਊਜ਼ ਏਸ਼ੀਆ’ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ, “ਦੋਵਾਂ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਪੁਲਸ ਦਾ ਮੁਲਾਂਕਣ ਹੈ ਕਿ ਅਜਿਹੇ ਪ੍ਰੋਗਰਾਮਾਂ ਦੇ ਆਯੋਜਨ ਨਾਲ ਲੋਕਾਂ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। NParks ਨੇ ਵੀ ਇਸੇ ਤਰ੍ਹਾਂ ਦੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ।” ਪੁਲਸ ਨੇ ਕਿਹਾ ਕਿ ਉਹ ਇਸ ਗੱਲ ਤੋਂ ਜਾਣੂ ਹੈ ਕਿ ਸੰਘਰਸ਼ ਦੇ ਸਬੰਧ ਵਿੱਚ ਸਮਾਗਮਾਂ ਅਤੇ ਜਨਤਕ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ NParks ਨੂੰ ਵੀ ਇਸੇ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਨ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ।ਐੱਸ.ਪੀ.ਐੱਫ. ਨੇ ਕਿਹਾ ਕਿ ਉਹ ਅਜਿਹੀਆਂ ਜਨਤਕ ਮੀਟਿੰਗਾਂ ਦੀ ਇਜਾਜ਼ਤ ਨਹੀਂ ਦੇ ਸਕਦਾ ਜੋ ਦੂਜੇ ਦੇਸ਼ਾਂ ਜਾਂ ਵਿਦੇਸ਼ੀ ਸੰਸਥਾਵਾਂ ਦੇ ਰਾਜਨੀਤਿਕ ਉਦੇਸ਼ਾਂ ਦੀ ਵਕਾਲਤ ਕਰਦੀਆਂ ਹੋਣ ਜਾਂ ਅਜਿਹੀਆਂ ਭਾਵਨਾਵਾਂ ਨੂੰ ਭੜਕਾ ਸਕਦੀਆਂ ਹੋਣ, ਜਿਸ ਨਾਲ ਲੋਕਾਂ ਦੀ ਸੁਰੱਖਿਆ ਖ਼ਤਰੇ ਵਿੱਚ ਪਏ। SPF ਨੇ ਲੋਕਾਂ ਨੂੰ ਜਿੰਮੇਦਾਰ ਬਣੇ ਰਹਿਣ ਅਤੇ ਇਸ ਵਿਸ਼ੇ ‘ਤੇ ਸੰਜਮ ਨਾਲ ਚਰਚਾ ਕਰਨ ਦੀ ਅਪੀਲ ਕੀਤੀ ਹੈ, ਭਾਵੇਂ ਉਹ ਆਨਲਾਈਨ ਹੋਵੇ ਜਾਂ ਵਿਅਕਤੀਗਤ ਤੌਰ ‘ਤੇ। ਨਾਲ ਹੀ ਉਸ ਨੇ ਲੋਕਾਂ ਨੂੰ ਕਿਸੇ ਵੀ ਨਸਲ ਜਾਂ ਧਰਮ ਬਾਰੇ ਅਸੰਵੇਦਨਸ਼ੀਲ ਜਾਂ ਭੜਕਾਊ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਹੈ, ਕਿਉਂਕਿ ਅਜਿਹੀਆਂ ਟਿੱਪਣੀਆਂ ਸਿੰਗਾਪੁਰ ਦੀ ਨਸਲੀ ਅਤੇ ਧਾਰਮਿਕ ਸਦਭਾਵਨਾ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ।

Add a Comment

Your email address will not be published. Required fields are marked *