UK ‘ਚ ਭਾਰਤੀ ਮੂਲ ਦੀ ਔਰਤ ਨੂੰ ਕਾਰ ਨੇ ਮਾਰੀ ਟੱਕਰ

ਲੰਡਨ- ਪੱਛਮੀ ਲੰਡਨ ਵਿਚ ਵਾਪਰੇ ਸੜਕ ਹਾਦਸੇ ਦੀ ਜਾਂਚ ਕਰ ਰਹੇ ਸਕਾਟਲੈਂਡ ਯਾਰਡ ਦੇ ਜਾਂਚਕਰਤਾਵਾਂ ਦੀ ਮਦਦ ਲਈ ਅਪਰਾਧ ਵਿਰੁੱਧ ਮੁਹਿੰਮ ਚਲਾ ਰਹੀ ਇਕ ਬ੍ਰਿਟਿਸ਼ ਚੈਰੀਟੇਬਲ ਸੰਸਥਾ ਨੇ ਮੰਗਲਵਾਰ ਨੂੰ ਦੋਸ਼ੀ ਦੀ ਸੂਚਨਾ ਦੇਣ ਵਾਲੇ ਨੂੰ 5 ਹਜ਼ਾਰ ਪੌਂਡ ਦੇ ਇਨਾਮ ਦੀ ਪੇਸ਼ਕਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਹਾਦਸੇ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਮੈਟਰੋਪੋਲੀਟਨ ਪੁਲਸ ਅਨੁਸਾਰ, ਰਾਜਦੀਪ ਕੌਰ (37) ਫਰਵਰੀ ਮਹੀਨੇ ਦੀ ਇਕ ਦੁਪਹਿਰ ਨੂੰ ਪੱਛਮੀ ਲੰਡਨ ਦੇ ਹਾਉਂਸਲੋ ਵਿੱਚ ਇੱਕ ਪ੍ਰੈਮ (ਬੱਚਿਆਂ ਨੂੰ ਘੁੰਮਾਉਣ ਵਾਲੀ ਬੱਘੀ) ਵਿੱਚ ਆਪਣੀ 13 ਮਹੀਨਿਆਂ ਦੀ ਧੀ ਨੂੰ ਲੈ ਕੇ ਜਾ ਰਹੀ ਸੀ, ਉਦੋਂ ਨਾਰਥ ਹਾਈਡ ਲੇਨ ਨੂੰ ਪਾਰ ਕਰਦੇ ਸਮੇਂ ਇੱਕ ਬੀ.ਐੱਮ.ਡਬਲਯੂ. ਕਾਰ ਉਲਟ ਦਿਸ਼ਾ ਤੋਂ ਆਈ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਪ੍ਰੈਮ ਵਾਲ-ਵਾਲ ਬਚ ਗਈ ਪਰ ਕੌਰ ਕਈ ਫੁੱਟ ਉੱਚੀ ਹਵਾ ਵਿਚ ਉਛਲ ਗਈ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। 

ਇਸ ਘਟਨਾ ਦੀ ਜਾਂਚ ਕਰ ਰਹੀ ਕਾਂਸਟੇਬਲ ਡੇਵਿਨਾ ਨੈਸ਼ ਨੇ ਕਿਹਾ, “ਇਹ ਇਕ ਪਰੇਸ਼ਾਨ ਕਰਨ ਵਾਲਾ ਮਾਮਲਾ ਹੈ। ਸ਼ੁਕਰ ਹੈ, ਕੌਰ ਬਚ ਗਈ, ਪਰ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਜੋ ਹਮੇਸ਼ਾ ਲਈ ਉਸ ਦੀ ਜ਼ਿੰਦਗੀ ਬਦਲ ਦੇਣਗੀਆਂ। ਸਭ ਤੋਂ ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ 13 ਮਹੀਨੇ ਦੀ ਧੀ ਨੂੰ ਕੋਈ ਸੱਟ ਨਹੀਂ ਲੱਗੀ।’ ਉਨ੍ਹਾਂ ਕਿਹਾ, “ਪੁਲਸ ਤੋਂ ਵੱਖ, ਸੁਤੰਤਰ ਤੌਰ ‘ਤੇ ਜੁਰਮ ਦੇ ਖਿਲਾਫ ਕੰਮ ਕਰਨ ਵਾਲੇ ਲੋਕ ਹੁਣ ਸੂਚਨਾ ਦੇਣ ਵਾਲੇ ਲਈ ਇਨਾਮ ਦੀ ਪੇਸ਼ਕਸ਼ ਕਰ ਰਹੇ ਹਨ ਅਤੇ ਸਾਨੂੰ ਉਮੀਦ ਹੈ ਕਿ ਇਸ ਨਾਲ ਕਿਸੇ ਨੂੰ ਅੱਗੇ ਆਉਣ ਲਈ ਉਤਸ਼ਾਹ ਮਿਲੇਗਾ। ਸਾਡਾ ਮੰਨਣਾ ਹੈ ਕਿ BMW (ਕਾਰ) ਦਾ ਡਰਾਈਵਰ ਹਾਉਂਸਲੋ ਦਾ ਹੋਵੇਗਾ, ਇਸ ਲਈ ਕੋਈ ਨਾ ਕੋਈ ਉਸ ਨੂੰ ਜਾਣਦਾ ਹੋਵੇਗਾ ਕਿ ਉਹ ਕੌਣ ਹੈ।” ਉਨ੍ਹਾਂ ਕਿਹਾ, “ਜੇਕਰ ਤੁਹਾਡੇ ਕੋਲ ਡਰਾਈਵਰ ਦੇ ਠਿਕਾਣੇ ਬਾਰੇ ਜਾਣਕਾਰੀ ਹੈ ਜਾਂ ਕੋਈ ਹੋਰ ਜਾਣਕਾਰੀ ਹੈ ਜਿਸ ਨਾਲ ਪੀੜਤ ਨੂੰ ਨਿਆਂ ਮਿਲ ਸਕਦਾ ਹੈ, ਤਾਂ ਅਪਰਾਧ ਵਿਰੁੱਧ ਕੰਮ ਕਰਨ ਵਾਲਿਆਂ ਦਾ ਸੰਗਠਨ ਗਾਰੰਟੀ ਦਿੰਦਾ ਹੈ ਕਿ ਤੁਹਾਡੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਉਹ ਸਾਰਾ ਸਾਲ ਫ਼ੋਨ ਅਤੇ ਵੈੱਬਸਾਈਟ ‘ਤੇ 24 ਘੰਟੇ ਉਪਲਬਧ ਹਨ।”

ਮੈਟਰੋਪੋਲੀਟਨ ਪੁਲਸ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ 3 ਫਰਵਰੀ ਨੂੰ ਹਾਦਸੇ ਵਾਲੇ ਦਿਨ ਪ੍ਰੈਮ ਸੜਕ ਦੇ ਵਿਚਕਾਰ ਹੀ ਰਹਿ ਗਈ ਅਤੇ ਸੰਭਾਵਨਾ ਸੀ ਕਿ ਉਹ ਹੋਰ ਵਾਹਨਾਂ ਦੀ ਲਪੇਟ ਵਿਚ ਆ ਜਾਂਦੀ। BMW ਕਾਰ ਮੌਕੇ ‘ਤੇ ਨਹੀਂ ਰੁਕੀ ਅਤੇ ਡਰਾਈਵਰ ਨੇ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਅਤੇ ਕੌਰ ਨੂੰ ਹਸਪਤਾਲ ਲਿਜਾਇਆ ਗਿਆ। ਕੌਰ ਦੀ ਲੱਤ ਅਤੇ ਢਿੱਡ ਦੇ ਹੇਠਲੇ ਹਿੱਸੇ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਕੌਰ ਦੀ ਧੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਕੌਰ ਕਈ ਮਹੀਨਿਆਂ ਤੱਕ ਹਸਪਤਾਲ ਵਿੱਚ ਰਹੀ। ਪੁਲਸ ਨੇ ਕਿਹਾ, “ਇਹ ਇੱਕ ਚਮਤਕਾਰ ਸੀ ਕਿ ਉਹ ਬਚ ਗਈ ਪਰ ਉਸ ਲਈ ਚੱਲਣ-ਫਿਰਣਾ ਬਹੁਤ ਮੁਸ਼ਕਲ ਹੈ ਅਤੇ ਉਹ ਆਪਣੀ ਧੀ ਦੀ ਖੁਦ ਦੇਖਭਾਲ ਕਰਨ ਵਿੱਚ ਅਸਮਰੱਥ ਹੈ। ਉਹ ਹੁਣ ਸਬੰਧਤ ਉਪਕਰਨ ਦੀ ਮਦਦ ਨਾਲ ਕੁਝ ਕਦਮ ਹੀ ਤੁਰ ਸਕਦੀ ਹੈ ਪਰ ਉਹ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇਗੀ।” 

Add a Comment

Your email address will not be published. Required fields are marked *