ਕੰਬੋਡੀਆ ਤੋਂ 8 ਲੱਖ ’ਚ ਲਾੜੀ ਖਰੀਦ ਰਹੇ ਚੀਨੀ, ਕੁੜੀਆਂ ਦੀ ਵਧੀ ਤਸਕਰੀ

ਬੀਜਿੰਗ – ਲਿੰਗ ਅਸਮਾਨਤਾ ਕਾਰਨ ਚੀਨ ’ਚ ਕੁੜੀਆਂ ਦੀ ਗਿਣਤੀ ਤੇਜ਼ੀ ਨਾਲ ਡਿੱਗੀ ਤਾਂ 10 ਲੱਖ ਲੜਕੇ ਚਾਹ ਕੇ ਵੀ ਪਰਿਵਾਰ ਸ਼ੁਰੂ ਨਹੀਂ ਕਰ ਪਾ ਰਹੇ। ਇਨ੍ਹਾਂ ’ਚੋਂ ਕਈਆਂ ਨੇ ਕੰਬੋਡੀਆ ਤੋਂ ਤਸਕਰੀ ਕਰਕੇ ਲਿਜਾਈਆਂ ਜਾ ਰਹੀਆਂ ਕੁੜੀਆਂ ਨੂੰ 8 ਲੱਖ ਰੁਪਏ ’ਚ ਖਰੀਦ ਕੇ ਲਾੜੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕੁੜੀਆਂ ਨੂੰ ਚੰਗੀ ਨੌਕਰੀ ਤੇ ਸੁਖੀ ਜ਼ਿੰਦਗੀ ਦਾ ਲਾਲਚ ਦੇਖ ਕੇ ਚੀਨ ਲਿਆਂਦਾ ਜਾ ਰਿਹਾ ਹੈ।

ਚੀਨੀ ਮਰਦਾਂ ਨਾਲ ਜਬਰਨ ਵਿਆਹੀਆਂ ਗਈਆਂ ਕਈ ਕੰਬੋਡੀਆਈ ਮਹਿਲਾਵਾਂ ਦੀ ਹਾਲ ਹੀ ’ਚ ਹੱਡਬੀਤੀ ਸਾਹਮਣੇ ਰੱਖੀ ਤਾਂ ਇਸ ਨੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ। ਚੀਨ ਨੇ ਵਧਦੀ ਆਬਾਦੀ ਨੂੰ ਰੋਕਣ ਲਈ 80 ਦੇ ਦਹਾਕੇ ’ਚ ਪਰਿਵਾਰਾਂ ’ਚ ਇਕ ਹੀ ਬੱਚਾ ਪੈਦਾ ਕਰਨ ਦੀ ਨੀਤੀ ਲਾਗੂ ਕੀਤੀ ਸੀ, ਜੋ 2016 ਤਕ ਬਣੀ ਰਹੀ। ਕਈ ਪਰਿਵਾਰਾਂ ਨੇ ਲੜਕਾ ਪੈਦਾ ਕਰਨ ਦੇ ਚੱਕਰ ’ਚ ਭਰੂਣ ਹੱਤਿਆ ਕਰਵਾਈ।

ਇਸ ਨਾਲ ਲਿੰਗ ਅਨੁਪਾਤ ’ਚ ਅਸੰਤੁਲਨ ਪੈਦਾ ਹੋਇਆ। 2016 ’ਚ ਸਰਕਾਰ ਨੇ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਹੈ। ਬਾਅਦ ’ਚ ਇਸ ਨੂੰ ਤਿੰਨ ਬੱਚਿਆਂ ਤਕ ਵਧਾਇਆ ਪਰ ਹੁਣ ਜ਼ਿਆਦਾਤਰ ਪਰਿਵਾਰ ਮਹਿੰਗੀ ਜੀਵਨਸ਼ੈਲੀ ਦੀ ਵਜ੍ਹਾ ਕਾਰਨ ਬੱਚੇ ਨਹੀਂ ਚਾਹੁੰਦੇ।

ਕੁੜੀਆਂ ਨੇ ਦੱਸਿਆ ਕਿ ਵਿਆਹ ਕਰਨ ਵਾਲੇ ਮਰਦ ਹੀ ਉਨ੍ਹਾਂ ਦਾ ਸ਼ੋਸ਼ਣ ਕਰਦੇ ਸਨ। ਯੌਨ ਤੇ ਮਾਨਸਿਕ ਸ਼ੋਸ਼ਣ, ਬੰਧਕ ਬਣਾਉਣਾ, ਤੰਗ-ਪ੍ਰੇਸ਼ਾਨ ਕਰਨਾ ਤੇ ਬੰਧੂਆ ਮਜ਼ਦੂਰੀ ਵੀ ਉਨ੍ਹਾਂ ਨੇ ਸਹਿਣ ਕੀਤੀ।

2019 ’ਚ ਸਾਹਮਣੇ ਆਇਆ ਕਿ ਪਾਕਿਸਤਾਨ ਤੋਂ ਵੀ ਕੁੜੀਆਂ ਚੀਨ ਭੇਜ ਕੇ ਉਨ੍ਹਾਂ ਦੇ ਵਿਆਹ ਕਰਵਾਏ ਗਏ। ਇਕ ਸਾਲ ’ਚ ਅਜਿਹੀਆਂ 629 ਕੁੜੀਆਂ ਦੀ ਪਛਾਣ ਹੋਈ।

Add a Comment

Your email address will not be published. Required fields are marked *