121 ਕਰੋੜ ਘਪਲਾ ਮਾਮਲੇ ’ਚ ਕਈ ਨਿੱਜੀ ਬੈਂਕਾਂ ਨੂੰ ਕੀਤਾ Black List

ਲੁਧਿਆਣਾ – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਲੁਧਿਆਣਾ ਬਲਾਕ-2 ’ਚ 121 ਕਰੋੜ ਰੁਪਏ ਦੇ ਘਪਲਾ ਮਾਮਲੇ ’ਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਕਈ ਨਿੱਜੀ ਬੈਂਕ ਬਲੈਕ ਲਿਸਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਾਬਿਲੇਗੌਰ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੀਤੇ ਦਿਨੀਂ ਬਲਾਕ-2 ਨਾਲ ਸਬੰਧਤ ਕਰੀਬ ਅੱਧਾ ਦਰਜਨ ਇਲਾਕਿਆਂ ’ਚ 121 ਕਰੋੜ ਰੁਪਏ ਦਾ ਕਥਿਤ ਘਪਲਾ ਹੋਣ ਦੇ ਮਾਮਲੇ ’ਚ ਜਿੱਥੇ ਕਰੀਬ 4 ਬੀ. ਡੀ. ਪੀ. ਓਜ਼, 6 ਪੰਚਾਇਤ ਸੈਕਟਰੀਆਂ ਸਮੇਤ 6 ਸਰਪੰਚਾਂ ਨੂੰ ਚਾਰਜਸ਼ੀਟ ਕਰਦੇ ਹੋਏ ਮਾਮਲੇ ਦੀ ਅਗਲੀ ਕਾਰਵਾਈ ਵਿਜੀਲੈਂਸ ਵਿਭਾਗ ਵੱਲੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਮਾਮਲੇ ’ਚ ਨਿੱਜੀ ਬੈਂਕਾਂ ’ਚ ਚੱਲ ਰਹੇ ਵਿਭਾਗੀ ਖਾਤਿਆਂ ’ਚ ਸਰਕਾਰ ਵੱਲੋਂ ਜਮ੍ਹਾ ਕਰਵਾਈ ਗਈ ਕਰੋੜਾਂ ਰੁਪਏ ਦੀ ਫਿਕਸ ਡਿਪਾਜ਼ਿਟ ਦੀ ਰਾਸ਼ੀ ਨੂੰ ਤੁੜਵਾਉਣ ਸਮੇਤ ਬੈਂਕ ਖਾਤਿਆਂ ਦੀ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਸਮੇਂ-ਸਮੇਂ ’ਤੇ ਸਹੀ ਜਾਣਕਾਰੀ ਨਾ ਦੇਣ ਦੇ ਕਥਿਤ ਦੋਸ਼ਾਂ ’ਚ ਨਿੱਜੀ ਬੈਂਕਾਂ ਦੇ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕਰਨ ਅਤੇ ਸਬੰਧਤ ਬੈਂਕਾਂ ਨੂੰ ਬਲੈਕ ਲਿਸਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਇਸ ਦੌਰਾਨ ਵਿਭਾਗੀ ਸੂਤਰਾਂ ਵੱਲੋਂ ਮਿਲੀ ਅਹਿਮ ਜਾਣਕਾਰੀ ਮੁਤਾਬਕ ਇਕ ਨਿੱਜੀ ਬੈਂਕ ਦੇ ਮੈਨੇਜਰ ਵੱਲੋਂ ਸਮੇਂ ਤੋਂ ਪਹਿਲਾਂ ਐੱਫ. ਡੀ. ਤੁੜਵਾਉਣ ਦੇ ਮਾਮਲੇ ’ਚ ਸਾਬਕਾ ਬੀ. ਡੀ. ਪੀ. ਓ. ਨੂੰ ਪੱਤਰ ਲਿਖ ਕੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਤਾਂ ਦੂਜੇ ਪਾਸੇ ਘਪਲਾ ਮਾਮਲੇ ’ਚ ਨਾਮਜ਼ਦ ਕੀਤੇ ਕੁਝ ਸਰਪੰਚਾਂ ਵੱਲੋਂ ਇਸ ਨੂੰ ਸਿਆਸੀ ਰੰਜਿਸ਼ ਦਾ ਕਥਿਤ ਮਾਮਲਾ ਦੱਸਿਆ ਜਾ ਰਿਹਾ ਹੈ। ਬਾਕੀ ਪੰਜਾਬ ਸਰਕਾਰ ਘਪਲਾ ਮਾਮਲੇ ਦੀਆਂ ਪਰਤਾਂ ਉਧੇੜਨ ਲੱਗੀ ਹੋਈ ਹੈ ਤਾਂ ਕਿ ਮਾਮਲੇ ਦਾ ਜ਼ਮੀਨੀ ਸੱਚ ਆਮ ਲੋਕਾਂ ਸਾਹਮਣੇ ਰੱਖਿਆ ਜਾ ਸਕੇ ਅਤੇ ਘਪਲੇ ਸਬੰਧੀ ਕਿਸੇ ਵੀ ਬੇਗੁਨਾਹ ਅਧਿਕਾਰੀ, ਮੁਲਾਜ਼ਮ ਜਾਂ ਫਿਰ ਸਰਪੰਚ ’ਤੇ ਗਾਜ ਨਾ ਡਿੱਗ ਸਕੇ, ਜਿਸ ਦਾ ਵੱਡਾ ਅਤੇ ਅਸਰਦਾਰ ਖੁਲਾਸਾ ਆਉਣ ਵਾਲੇ ਦਿਨਾਂ ’ਚ ਹੋਣਾ ਬਾਕੀ ਹੈ।

Add a Comment

Your email address will not be published. Required fields are marked *