ਪੰਜਾਬ ‘ਚ ਸਤਲੁਜ, ਬਿਆਸ ਤੇ ਘੱਗਰ ਨੇ ਧਾਰਿਆ ਭਿਆਨਕ ਰੂਪ

ਚੰਡੀਗੜ੍ਹ : ਪੰਜਾਬ ‘ਚ ਮਾਨਸੂਨ ਸੀਜ਼ਨ ਦੌਰਾਨ ਸਤਲੁਜ, ਬਿਆਸ ਅਤੇ ਘੱਗਰ ਦਰਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ‘ਚ ਘੱਗਰ ਨਦੀ ਦੇ ਨੱਕੋ-ਨੱਕ ਵਗਣ ਨਾਲ ਕਈ ਪਿੰਡ ਜਲਥਲ ਹੋ ਗਏ। ਸੰਗਰੂਰ ਦੇ ਬਾਜ਼ਾਰਾਂ ‘ਚ ਇਕੱਠੇ ਪਾਣੀ ’ਤੇ ਲੋਕ ਵੱਡੇ-ਵੱਡੇ ਟਾਇਰ ਟਿਊਬ ਲੈ ਕੇ ਤੈਰਦੇ ਦਿਸੇ। ਪਟਿਆਲਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ‘ਚ ਬੜੀ ਨਦੀ ਨੇ ਤਬਾਹੀ ਮਚਾਈ। ਕੁੱਝ ਅਜਿਹਾ ਹੀ ਮੋਹਾਲੀ ਜ਼ਿਲ੍ਹੇ ਦੇ ਨਵਾਂਗਰਾਓਂ ਇਲਾਕੇ ਤੋਂ ਵਗ ਕੇ ਆਉਂਦੀ ਪਟਿਆਲਾ ਦੀ ਰਾਓ ਨੇ ਤਬਾਹੀ ਮਚਾਈ। ਇਸ ਬਰਸਾਤੀ ਨਦੀ ‘ਚ ਆਏ ਪਾਣੀ ‘ਚ ਰੁੜ੍ਹ ਗਈ ਇਕ ਕਾਰ 3 ਦਿਨ ਬਾਅਦ ਮਿਲੀ ਅਤੇ  3 ਦੋਸਤਾਂ ਦੀਆਂ ਲਾਸ਼ਾਂ ਮਿਲੀਆਂ। ਸਿਰਫ਼ ਮੀਂਹ ਦੇ ਪਾਣੀ ਨੂੰ ਲੈ ਕੇ ਚੱਲਣ ਵਾਲੀ ਪਟਿਆਲਾ ਦੀ ਰਾਓ ਨੇ ਖਰੜ ਦੇ ਆਸ-ਪਾਸ ਵੀ ਕਾਫ਼ੀ ਜ਼ਿਆਦਾ ਨੁਕਸਾਨ ਕੀਤਾ।

ਪਿੰਡਾਂ ਅਤੇ ਕਸਬਿਆਂ ‘ਚ ਤਾਂ ਸਮਝ ‘ਚ ਆਉਂਦਾ ਹੈ ਕਿ ਸੀਵਰਾਂ ਦੇ ਨਾ ਹੋਣ ਦੇ ਕਾਰਣ ਲੋਕਾਂ ਦੇ ਘਰਾਂ ‘ਚ ਪਾਣੀ ਵੜਣ ਨਾਲ ਹੜ੍ਹ ਵਰਗੀ ਸਥਿਤੀ ਸਾਹਮਣੇ ਆਈ ਪਰ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਬਠਿੰਡਾ ਸਮੇਤ ਕਈ ਪ੍ਰਮੁੱਖ ਸ਼ਹਿਰ ਕਿਉਂ 3 ਦਿਨ ਦਾ ਮੀਂਹ ਨੂੰ ਝੱਲ ਨਹੀਂ ਸਕੇ? ਚੰਡੀਗੜ੍ਹ ਨਾਲ ਲੱਗਦੇ ਸੈਟੇਲਾਈਟ ਸਿਟੀ ਕਹੇ ਜਾਂਦੇ ਖਰੜ, ਜ਼ੀਰਕਪੁਰ, ਪੰਚਕੁਲਾ ਅਤੇ ਡੇਰਾਬੱਸੀ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਸ਼ਹਿਰੀਕਰਣ ਦੀ ਤੇਜ਼ੀ ਨੇ ਇੱਥੇ ਇੰਨੀ ਕਮੀਆਂ ਪੈਦਾ ਕਰ ਦਿੱਤੀਆਂ ਹਨ ਕਿ ਹੁਣ ਕੋਈ ਵੀ ਸਰਕਾਰ ਆਵੇ, ਇਨ੍ਹਾਂ ਦੇ ਹਾਲਾਤ ਨਹੀਂ ਸੁਧਾਰ ਸਕਦੀ। ਬਿਨਾਂ ਕਿਸੇ ਯੋਜਨਾ ਦੇ ਖਰੜ-ਜ਼ੀਰਕਪੁਰ ‘ਚ ਬਣਨ ਵਾਲੀਆਂ ਕਈ ਹਾਈ ਰਾਈਜ਼ਿੰਗ ਬਿਲਡਿੰਗਾਂ ‘ਚ ਬਿਲਡਰ ਇਕ ਸੈਂਟੀਮੀਟਰ ਜਗ੍ਹਾ ਵੀ ਬਿਨਾਂ ਨਿਰਮਾਣ ਦੇ ਨਹੀ ਛੱਡਣਾ ਚਾਹੁੰਦੇ ਅਤੇ ਇਸ ਮਾਰਾਮਾਰੀ ‘ਚ ਪਾਣੀ ਨਿਕਾਸੀ ਅਤੇ ਸੀਵਰੇਜ ਪ੍ਰਣਾਲੀ ਲਈ ਕੋਈ ਉਚਿਤ ਜਗ੍ਹਾ ਛੱਡਣਾ ਜ਼ਰੂਰੀ ਨਹੀਂ ਸਮਝਦੇ। ਬੇਤਹਾਸ਼ਾ ਅਤੇ ਅੰਨ੍ਹੇਵਾਹ ਉਸਾਰੀ ਦੇ ਕਾਰਣ ਅਜਿਹੇ ਇਲਾਕੇ ‘ਚ ਪਾਣੀ ਦਾ ਕੁਦਰਤੀ ਵਹਾਅ ‘ਚ ਵਿਘਨ ਪੈਣਾ ਆਮ ਗੱਲ ਹੈ ਕਿਉਂਕਿ ਜਿਵੇਂ ਹੀ ਭਾਰੀ ਮੀਂਹ ਪੈਂਦਾ ਹੈ, ਪੂਰਾ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ।

ਸ਼ਹਿਰੀ ਸਥਾਨਕ ਸਰਕਾਰਾਂ ਮਾਹਰ ਮੰਨਦੇ ਹਨ ਕਿ ਸਰਕਾਰ ਨੂੰ ਪਹਿਲਾਂ ਤੋਂ ਇਸ ਦੀ ਤਿਆਰੀ ਦੀ ਲੋੜ ਹੈ। ਉਨ੍ਹਾਂ ਮੁਤਾਬਕ ਹਰ ਵੱਡੇ ਸ਼ਹਿਰ ‘ਚ ਬਰਸਾਤੀ ਪਾਣੀ ਲਈ ਸੀਵਰੇਜ ਹੋਣਾ ਸਭ ਤੋਂ ਜ਼ਰੂਰੀ ਕੀਤਾ ਜਾਵੇ, ਜਿਸ ‘ਚ ਸਿਰਫ਼ ਮੀਂਹ ਦਾ ਪਾਣੀ ਵਗਦਾ ਹੋਵੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ‘ਚ ਵਧੇਰੇ ਇਲਾਕਿਆਂ ‘ਚ ਸੀਵਰੇਜ ਪ੍ਰਣਾਲੀ ‘ਚ ਕਮੀਆਂ ਹਨ ਅਤੇ ਜਿਵੇਂ ਹੀ ਮੀਂਹ ਦੇ ਪਾਣੀ ‘ਚ ਚਿੱਕੜ ਅਤੇ ਗਾਰਾ ਸੀਵਰਾਂ ਨੂੰ ਬੰਦ ਕਰ ਦਿੰਦਾ ਹੈ, ਤਾਂ ਹੜ੍ਹ ਦਾ ਪਾਣੀ ਸੜਕਾਂ ਅਤੇ ਘਰਾਂ ‘ਚ ਵੜ ਜਾਂਦਾ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਆਲਾ ਅਧਿਕਾਰੀ ਜੇਕਰ ਇਸ ਬਾਰੇ ਗੰਭੀਰ ਹਨ, ਤਾਂ ਉਹ ਅਜਿਹਾ ਆਸਾਨੀ ਨਾਲ ਕਰ ਸਕਦੇ ਹਨ। ਪੰਜਾਬ ਦੇ ਸਾਰੇ ਵੱਡੇ ਅਧਿਕਾਰੀ ਚੰਡੀਗੜ੍ਹ ਹੀ ਰਹਿੰਦੇ ਹਨ, ਪਰ ਕੀ ਉਨ੍ਹਾਂ ਨੇ ਸੋਚਿਆ ਕਿ ਚੰਡੀਗੜ੍ਹ ‘ਚ ਮੀਂਹ ਰੁਕਣ ਦੇ ਵੱਧ ਤੋਂ ਵੱਧ 3 ਘੰਟੇ ਦੇ ਅੰਦਰ ਪਾਣੀ ਉਤਰ ਜਾਂਦਾ ਹੈ, ਜਦੋਂ ਕਿ ਪੰਜਾਬ ਦੇ ਕਈ ਸ਼ਹਿਰਾਂ ‘ਚ 3 ਦਿਨ ਤੱਕ ਨਹੀਂ ਉਤਰਦਾ। ਸਰਕਾਰ ਤਾਂ ਰਾਹਤ ਅਤੇ ਬਚਾਅ ’ਤੇ ਕਰੋੜਾਂ ਰੁਪਏ ਖ਼ਰਚ ਕਰ ਸਕਦੀ ਹੈ, ਪਰ ਅਫ਼ਸਰਾਂ ਨੂੰ ਅਜਿਹੀ ਯੋਜਨਾ ਬਣਾਉਣੀ ਹੋਵੇਗੀ ਕਿ ਉਚਿਤ ਪਾਣੀ ਨਿਕਾਸੀ ’ਤੇ ਪਹਿਲਾਂ ਨਾਲੋਂ ਪੈਸਾ ਖ਼ਰਚ ਹੋਵੇ ਤਾਂ ਕਿ ਮੀਂਹ ਦੇ ਸਮੇਂ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

Add a Comment

Your email address will not be published. Required fields are marked *