15 ਸਾਲ ਬਾਅਦ ਕਾਂਗਰਸ ਨੇ ਗੁਆਇਆ ਆਪਣਾ ਵਾਰ ਰੂਮ

ਨਵੀਂ ਦਿੱਲੀ- ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਹੈ ਸੱਚ ਕਿ ਕਾਂਗਰਸ ਪਾਰਟੀ 15 ਸਾਲਾਂ ਬਾਅਦ ਆਪਣਾ ਵਾਰ ਰੂਮ ਗੁਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਹੁਲ ਗਾਂਧੀ ਦੇ ਦਿਮਾਗ ਦੀ ਉਪਜ ਵਾਰ ਰੂਮ ਲਗਭਗ 15 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ ਅਤੇ ਲੁਟੀਅਨਜ਼ ਦਿੱਲੀ ਦੀ ਇੱਕ ਪ੍ਰਮੁੱਖ ਜਾਇਦਾਦ 15, ਗੁਰਦੁਆਰਾ ਰਕਾਬਗੰਜ (ਜੀ.ਆਰ.ਜੀ.) ਰੋਡ ਇਸ ਮੰਤਵ ਲਈ ਅਲਾਟ ਕੀਤੀ ਗਈ ਸੀ।

ਵਾਰ ਰੂਮ ਰਾਹੁਲ ਗਾਂਧੀ ਦੇ ਸਿੱਧੇ ਕੰਟਰੋਲ ਹੇਠ ਸਭ ਤੋਂ ਸ਼ਕਤੀਸ਼ਾਲੀ ਵਿੰਗ ਸੀ, ਭਾਵੇਂ ਕਿ ਏ. ਆਈ. ਸੀ. ਸੀ. ਦਾ ਪ੍ਰਧਾਨ ਕੋਈ ਵੀ ਹੋਵੇ। ਪਾਰਟੀ ਦੀਆਂ ਸਾਰੀਆਂ ਅਹਿਮ ਮੀਟਿੰਗਾਂ ਏ. ਆਈ. ਸੀ. ਸੀ. ਦੇ 24, ਅਕਬਰ ਰੋਡ ਦੇ ਦਫ਼ਤਰ ’ਚ ਨਹੀਂ ਸਗੋਂ ਉਕਤ ਐਡਰੈੱਸ ’ਤੇ ਹੀ ਕੀਤੀਆਂ ਜਾ ਰਹੀਆਂ ਸਨ | ਅਸਲ ’ਚ ਏ. ਆਈ. ਸੀ. ਸੀ. ਦਾ ਦਫਤਰ ਹਮੇਸ਼ਾ ਸੁੰਨਸਾਨ ਵਿਖਾਈ ਦਿੰਦਾ ਸੀ। ਮਲਿਕਾਰਜੁਨ ਖੜਗੇ ਦੇ ਪਾਰਟੀ ਪ੍ਰਧਾਨ ਬਣਨ ਪਿੱਛੋਂ ਹੀ 24, ਅਕਬਰ ਰੋਡ ਨੂੰ ਆਪਣੀ ਗੁਆਚੀ ਸ਼ਾਨ ਵਾਪਸ ਮਿਲੀ ਪਰ ਹੁਣ 15 ਸਾਲਾਂ ਬਾਅਦ ਕਾਂਗਰਸ ਪਾਰਟੀ ਨੂੰ ਆਪਣਾ ਵਾਰ ਰੂਮ ਖਾਲੀ ਕਰਨਾ ਪਏਗਾ।

2008 ਤੋਂ ਕਾਂਗਰਸ ਪਾਰਟੀ ਦਾ ਵਾਰ ਰੂਮ 15, ਜੀ.ਆਰ.ਜੀ. ਰੋਡ ’ਚ ਚਲ ਰਿਹਾ ਸੀ। ਸਕਰੀਨਿੰਗ ਕਮੇਟੀ ਤੋਂ ਲੈ ਕੇ ਹੋਰ ਜ਼ਰੂਰੀ ਮੀਟਿੰਗਾਂ ਤੇ ਸਾਰੀਆਂ ਸਰਗਰਮੀਆਂ ਉਥੋਂ ਹੀ ਹੋ ਰਹੀਆਂ ਸਨ। ਇਹ ਬੰਗਲਾ ਕਾਂਗਰਸ ਪਾਰਟੀ ਦੇ ਪੂਰਬੀ ਬੰਗਾਲ ਦੇ ਪ੍ਰਧਾਨ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਪ੍ਰਦੀਪ ਭੱਟਾਚਾਰੀਆ ਦੇ ਨਾਂ ’ਤੇ ਅਲਾਟ ਹੈ।

ਹੁਣ ਭੱਟਾਚਾਰੀਆ ਰਾਜ ਸਭਾ ਦੇ ਮੈਂਬਰ ਨਹੀਂ ਹਨ । ਰਾਜ ਸਭਾ ਦੀ ਹਾਊਸਿੰਗ ਕਮੇਟੀ ਨੇ ਉਨ੍ਹਾਂ ਨੂੰ ਬੰਗਲਾ ਖਾਲੀ ਕਰਨ ਦਾ ਨੋਟਿਸ ਭੇਜਿਆ ਹੈ। ਭੱਟਾਚਾਰੀਆ ਦਾ ਰਾਜ ਸਭਾ ਦਾ ਕਾਰਜਕਾਲ 18 ਅਗਸਤ, 2023 ਨੂੰ ਖਤਮ ਹੋ ਗਿਆ ਸੀ।

ਪ੍ਰਦੀਪ ਭੱਟਾਚਾਰੀਆ ਤੋਂ ਪਹਿਲਾਂ ਅਭਿਨੇਤਰੀ ਰੇਖਾ ਇਸ ਘਰ ’ਚ ਰਹਿੰਦੀ ਸੀ । ਜਿਸ ਸੰਸਦ ਮੈਂਬਰ ਦੇ ਨਾਂ ‘ਤੇ ਇਹ ਬੰਗਲਾ ਅਲਾਟ ਹੋਇਆ ਸੀ, ਉਹ ਇਸ ਬੰਗਲੇ ’ਚ ਨਹੀਂ ਰਹਿੰਦੇ ਸਨ । ਇਸ ਦੀ ਵਰਤੋਂ ਸਿਰਫ ਪਾਰਟੀ ਦੇ ਕੰਮ ਲਈ ਕੀਤੀ ਜਾਂਦੀ ਸੀ। ਹੁਣ ਇਹ ਬੰਗਲਾ ਹਰਿਆਣਾ ਤੋਂ ਰਾਜ ਸਭਾ ਦੇ ਆਜ਼ਾਦ ਮੈਂਬਰ ਕਾਰਤਿਕ ਸ਼ਰਮਾ ਨੂੰ ਅਲਾਟ ਕੀਤਾ ਗਿਆ ਹੈ।

ਕਾਂਗਰਸ ਲੀਡਰਸ਼ਿਪ ਇਸ ਬੰਗਲੇ ਨੂੰ ਬਰਕਰਾਰ ਰੱਖਣ ਲਈ ਤਰੀਕੇ ਲੱਭ ਰਹੀ ਹੈ। ਕੋਈ ਵੀ ਸੰਸਦ ਮੈਂਬਰ ਪਾਰਟੀ ਨੂੰ ਆਪਣਾ ਘਰ ਦੇਣ ਲਈ ਤਿਆਰ ਨਹੀਂ । ਸੰਜੋਗ ਨਾਲ 15, ਜੀ. ਆਰ. ਜੀ. ਮਾਗਗ ’ਤੇ ਸੋਸ਼ਲ/ਡਿਜੀਟਲ ਮੀਡੀਆ ਵਿਭਾਗ ਵੀ ਚੱਲ ਰਿਹਾ ਹੈ। ਏ. ਆਈ. ਸੀ. ਸੀ. ਕੋਲ ਕੋਈ ਵਾਧੂ ਕਮਰੇ ਨਹੀਂ ਹਨ । ਇਸ ਲਈ ਇੱਕ ਨਵੇਂ ਬੰਗਲੇ ਦੀ ਭਾਲ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *